ਅੱਜ ਸਵੇਰੇ ਕੈਲਗਰੀ ਤੋਂ ਚੱਲ ਕੇ ਸ਼ਾਮ ਤੱਕ ਸੈਕਸਟੂਨ ਪਹੁੰਚ ਗਏ। ਮੈਂ ਸੈਕਸਟੂਨ ਵਿੱਚ ਹੋ ਰਹੇ ਪੰਜਾਬੀ ਹਾਸ ਵਿਅੰਗ ਨਾਟਕ ‘ਲਾਫ਼ਟਰ ਮੇਲ ਇਨ ਦੀ ਟਾਊਨ’ ਵੇਖਣਾ ਚਾਹੁੰਦਾ ਸੀ। ਇਸ ਪਲੇਅ ਦੇ ਕੁਝ ਕਲਾਕਾਰ ਪਹਿਲਾਂ ਗੁਰਚੇਤ ਚਿੱਤਰਕਾਰ ਦੀ ਟੀਮ ਦੇ ਮੈਂਬਰ ਬਣ ਕੇ ਕੈਨੇਡਾ ਵਿੱਚ ਨਾਟਕਾਂ ਦਾ ਮੰਚਨ ਕਰ ਚੁੱਕੇ ਸਨ। ਫ਼ਿਰ ਜਿਵੇਂ ਅਕਸਰ ਹੁੰਦਾ ਹੈ, ਇਹਨਾਂ ਵਿੱਚੋਂ ਕੁਝ ਕੁ ਨੇ ਆਪਣਾ ਵੱਖਰਾ ਗਰੁੱਪ ਬਣਾ ਲਿਆ ਸੀ। ਮੇਰੀ ਦਿਲਚਸਪੀ ਜਿੱਥੇ ਇਹ ਪ੍ਰੋਗਰਾਮ ਵੇਖਣ ਦੀ ਸੀ, ਉਥੇ ਸੈਕਸਟੂਨ ਦੇ ਦਰਸ਼ਕਾਂ ਨੁੰ ਵੀ ਦੇਖਣ ਦੀ ਸੀ। ਇਸ ਤੋਂ ਪਹਿਲਾਂ ਮੈਂ ਟਰਾਂਟੋ, ਵੈਨਕੂਵਰ, ਐਡਮਿੰਟਨ ਅਤੇ ਕੈਲਗਰੀ ਆਦਿ ਥਾਵਾਂ ‘ਤੇ ਪੰਜਾਬੀਆਂ ਦੇ ਹਰ ਤਰ੍ਹਾਂ ਦੇ ਸਾਹਿਤਕ, ਸਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਚੁੱਕਾ ਸਾਂ। ਸੈਕਸਟੂਨ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੇਰਾ ਪਹਿਲਾ ਮੌਕਾ ਸੀ। ਇਸੇ ਕਰਕੇ ਕੈਲਗਰੀ ਦਾ ਪ੍ਰੋਗਰਾਮ ਇੱਕ ਦਿਨ ਪਹਿਲਾਂ ਹੀ ਖਤਮ ਕਰਕੇ ਅਸੀਂ ਇੱਥੇ ਪਹੁੰਚ ਗਏ ਸਾਂ। ਇੱਥੇ ਪਹੁੰਚਣ ਦਾ ਦੂਜਾ ਕਾਰਨ ਮੇਰੇ ਬੇਟੇ ਰਮਨਰਿਸ਼ੀ ਦੀ ਕੰਪਨੀ ‘ਸ਼ਾਹ ਕਾਮਨੀਕੇਸ਼ਨ’ ਵੱਲੋਂ ਇਹ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਸੀ। ਇੱਕੋ ਇੱਕ ਪੰਜਾਬੀ ਕਰਮਚਾਰੀ ਹੋਣ ਦੇ ਨਾਤੇ ਉਸਦੀ ਡਿਊਟੀ ਇਸ ਪ੍ਰੋਗਰਾਮ ਵਿੱਚ ਹਾਜ਼ਰੀ ਭਰਨ ਦੀ ਸੀ। ਸੋ, ਅਸੀਂ ਵਕਤ ਸਿਰ ਪਹੁੰਚ ਗਏ ਸਾਂ ਅਤੇ ਥੋੜ੍ਹਾ ਆਰਾਮ ਕਰਨ ਤੋਂ ਬਆਦ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮਨ ਬਣਾਇਆ ਸੀ।
ਮੈਨੂੰ ਹੈਰਾਨੀ ਹੋਈ ਜਦੋਂ ਦੱਸਿਆ ਗਿਆ ਕਿ ਪ੍ਰੋਗਰਾਮ ਤਕਰੀਬਨ ਡੇਢ ਘੰਟਾ ਦੇਰੀ ਨਾਲ ਸ਼ੁਰੂ ਹੋਵੇਗਾ। ਹੈਰਾਨੀ ਇਸ ਗੱਲ ਦੀ ਸੀ ਕਿ ਪੰਜਬੀ ਭਾਵੇਂ ਕੈਨੇਡਾ ਵਿੱਚ ਹੋਣ ਅਤੇ ਭਾਵੇਂ ਪੰਜਾਬ ਵਿੱਚ, ਸਮੇਂ ਦੀ ਪਾਬੰਦੀ ਕੋਈ ਬਹੁਤਾ ਖਿਆਲ ਨਹੀਂ ਰੱਖਦੇ। ਦੁਬਾਰਾ ਨਿਸਚਿਤ ਕੀਤੇ ਵਕਤ ‘ਤੇ ਜਦੋਂ ਅਸੀਂ ਹਾਲ ਵਿੱਚ ਪਹੁੰਚੇ ਤਾਂ ਉਥੇ ਟਾਂਵਾ ਟਾਂਵਾ ਪੰਜਾਬੀ ਨਜ਼ਰ ਆ ਰਿਹਾ ਸੀ। ਇਮਾਰਤ ਦੇ ਦੂਜੇ ਹਾਲ ਵਿੱਚ ਗੋਰਿਆਂ ਦੀ ਖੂਬ ਚਹਿਲ ਪਹਿਲ ਸੀ। ਇੱਧਰ ਸਾਡੇ ਵਾਲੇ ਪਾਸੇ ਅਜੇ ਸਟੇਜ ਸੈਟ ਹੋ ਰਹੀ ਸੀ ਅਤੇ ਦਰਸ਼ਕ ਵੀ ਹੌਲੀ ਹੌਲੀ ਪਹੁੰਚ ਰਹੇ ਸਨ। ਉਂਝ ਵੀ ਸੈਕਸਟੂਨ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ। ਸਸਕੈਚੁਅਨ ਦਰਿਆ ਦੇ ਕੰਢੇ ਤੇ ਵੱਸਿਆ ਇਹ ਸ਼ਹਿਰ ਕੈਨੇਡਾ ਦੇ ਪ੍ਰਾਂਤ ਸੈਸਕੈਚੂਅਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਸਰਦੀਆਂ ਵਿੱਚ ਅਤਿ ਦੀ ਠੰਡ ਪੈਣ ਵਾਲੇ ਇਸ ਸ਼ਹਿਰ ਵਿੱਚ ਪੰਜਾਬੀਆਂ ਦੀ ਵੱਸੋਂ ਘੱਟ ਹੋਣ ਕਾਰਨ ਇੱਥੇ ਪੰਜਾਬੀ ਭਾਈਚਾਰੇ ਦੀ ਸਭਿਆਚਾਰਕ, ਧਾਰਮਿਕ ਅਤੇ ਸਾਹਿਤਕ ਗਤੀਵਿਧੀਆਂ ਘੱਟ ਹੀ ਹੁੰਦੀਆਂ ਹਨ। ਕਿਸੇ ਸਮੇਂ ਪਰਵਾਸ ਸਬੰਧੀ ਕਾਨੂੰਨਾਂ ਵਿੱਚ ਖੁੱਲ੍ਹ ਹੋਣ ਕਾਰਨ ਇਹ ਪੰਜਾਬੀ ਵਿਦਿਆਰਥੀਆਂ ਅਤੇ ਹੋਰ ਨਵੇਂ ਪ੍ਰਵਾਸੀਆਂ ਲਈ ਖਿੱਚ ਦਾ ਕੇਂਦਰ ਸੀ। ਫ਼ਿਰ ਇੰਮੀਗ੍ਰੇਸ਼ਨ ਨਿਯਮਾਂ ਵਿੱਚ ਤਬਦੀਲੀ ਕਾਰਨ ਲੋਕਾਂ ਵਿੱਚ ਇਸ ਸ਼ਹਿਰ ਦੀ ਦਿਲਚਸਪੀ ਘੱਟ ਗਈ ਸੀ। ਉਹਨਾਂ ਭਲੇ ਦਿਨਾਂ ਵਿੱਚ ਇੱਥੇ ਮੁਸਲਮਾਨ ਵੱਡੀ ਪੱਧਰ ‘ਤੇ ਪਰਵਾਸ ਕਰ ਗਏ ਸਨ। ਇਸੇ ਕਾਰਨ ਪਰਵਾਸੀਆਂ ਵਿੱਚ ਉਹਨਾਂ ਦੀ ਗਿਣਤੀ ਅਤੇ ਪ੍ਰਭਾਵ ਕਾਫ਼ੀ ਹੈ। ਸਿੱਖਾਂ ਦੀ ਗਿਣਤੀ ਭਾਵੇਂ ਜ਼ਿਆਦਾ ਨਹੀਂ ਪਰ ਇੈਥੇ ਦੋ ਗੁਰਦੁਆਰੇ ਹਨ ਜੋ ਭਾਈਚਾਰੇ ਦੀਆਂ ਧਾਰਮਿਕ ਅਤੇ ਸਮਾਜਿਕ ਲੋੜਾਂ ਦੀ ਪੂਰਤੀ ਕਰਨ ਵਿੱਚ ਸਹਾਈ ਹੁੰਦੇ ਹਨ।
ਜਦੋਂ ਨਾਟਕ ਸ਼ੁਰੂ ਹੋਇਆ ਉਸ ਸਮੇਂ ਹਾਲ ਵਿੱਚ ਕੁੱਲ ਮਿਲਾ ਕੇ 100-150 ਲੋਕ ਸਨ। ਨਾਟਕ ਸਿਰਫ਼ ਨਾਮ ਦਾ ਹੀ ਨਾਟਕ ਸੀ। ਇਯ ਵਿੱਚ ਇੱਕ ਕਹਾਣੀ ਨਹੀਂ ਸਗੋਂ ਪ੍ਰਚੱਲਿਤ ਚੁਟਕਲਿਆਂ ਅਤੇ ਵਿਅੰਗਾਂ ਨੂੰ ਨਾਟਕੀ ਰੂਪ ਦਿੱਤਾ ਹੋਇਆ ਸੀ। ਪਾਤਰਾਂ ਦੇ ਮੂੰਹੋਂ ਪੰਜਾਬ ਦੀ ਸੱਤਾਧਾਰੀ ਸਿਆਸੀ ਧਿਰ ਤੇ ਖੂਬ ਚੋਟਾਂ ਕੀਤੀਆਂ ਗਈਆਂ। ਜਿਹਨਾਂ ਦਾ ਦਰਸ਼ਕਾਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲਿਆ। ਕਈ ਵਾਰ ਤਾਂ ਇਉਂ ਲੱਗਦਾ ਸੀ ਕਿ ਇਹ ਨਾਟਕ ਨਾ ਹੋ ਕੇ ਆਮ ਆਦਮੀ ਪਾਰਟੀ ਦੀ ਰੈਲੀ ਹੋਵੇ। ‘ਲਾਫ਼ਟਰ ਮੇਲ’ ਵਿੱਚ ਨਸ਼ਿਆਂ ਦੇ ਮੁੱਦੇ ‘ਤੇ ਵੀ ਗਹਿਰੀਆਂ ਚੋਟਾਂ ਕੀਤੀਆਂ ਗਈਆਂ ਸਨ। ਕੁੱਲ ਮਿਲਾ ਕੇ ਇਸ ਪ੍ਰੋਗਰਾਮ ਨੇ ਹਾਜ਼ਰ ਲੋਕਾਂ ਦਾ ਥੋੜ੍ਹਾ ਮਨੋਰੰਜਨ ਤਾਂ ਕੀਤਾ ਸੀ। ਮੈਨੂੰ ਇਸ ਸਮੁੱਚੀ ਪੇਸ਼ਕਾਰੀ ਵਿੱਚ ਇੱਕ ਨੰਨੇ ਕਲਾਕਾਰ ਅਨਮੋਲ ਵਰਮਾ ਨੇ ਬਹੁਤ ਪ੍ਰਭਾਵਿਤ ਕੀਤਾ ਸੀ। 10-11 ਵਰ੍ਹਿਆਂ ਦੇ ਇਸ ਕਲਾਕਾਰ ਵਿੱਚ ਅੰਤ ਦਾ ਆਤਮ ਵਿਸ਼ਵਾਸ ਸੀ। ਉਸਦੀ ਅਦਾਇਗੀ ਨੇ ਦਰਸ਼ਕ ਪੂਰੀ ਤਰ੍ਹਾਂ ਕੀਲ ਲਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਉਹ ਨਾਟਕ ਦੇ ਇੱਕ ਹੋਰ ਪਾਤਰ ਰਾਜੂ ਵਰਮਾ ਦਾ ਬੇਟਾ ਹੈ ਅਤੇ ਉਸਨੇ ਇੱਕ ਪੰਜਾਬੀ ਫ਼ਿਲਮ ਵਿੱਚ ਕਿਰਦਾਰ ਨਿਭਾ ਕੇ ਕਾਫ਼ੀ ਪ੍ਰਸੰਸਾ ਖੱਟੀ ਹੈ। ਮੈਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਸਨੂੰ ਵਿਸ਼ੇਸ਼ ਇਨਾਮ ਦਿੱਤਾ ਜੋ ਸ਼ਾਹ ਕਾਮਨੀਕੇਸ਼ਨ ਵੱਲੋਂ ਸਪਾਂਸਰ ਕੀਤਾ ਗਿਆ ਸੀ ਅਤੇ ਉਸਦੇ ਪਿਤਾ ਰਾਜੂ ਵਰਮਾ ਨੂੰ ‘ਜਿੱਤ ਦੇ ਮੰਤਰ’ ਪੁਸਤਕ ਦੀ ਇੱਕ ਕਾਪੀ ਭੇਂਟ ਕੀਤੀ। ਮੇਰੀ ਧਾਰਨਾ ਹੈ ਕਿ ਕਲਾਕਾਰ ਹਮੇਸ਼ਾ ਸਹੀ ਪ੍ਰਸੰਸਾ ਅਤੇ ਸਾਬਾਸ਼ ਦਾ ਹੱਕਦਾਰ ਹੁੰਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਕਲਾਕਾਰਾਂ ਨੂੰ ਬਣਦਾ ਸਤਿਕਾਰ ਅਤੇ ਪਿਆਰ ਜ਼ਰੂਰ ਦੇਈਏ। ਬਹੁਤ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਨਾਟਕ ਖਤਮ ਹੋਣ ਸਾਰ ਦਰਸ਼ਕ ਬਾਹਰ ਵੱਲ ਦੌੜਦੇ ਹਨ ਅਤੇ ਪੰਜ ਮਿੰਟ ਰੁਕ ਕੇ ਕਲਾਕਾਰਾਂ ਦੀ ਅਦਾਕਾਰੀ ਦੀ ਪ੍ਰਸੰਸਾ ਵਿੱਚ ਤਾੜੀਆਂ ਵੀ ਨਹੀਂ ਮਾਰਦੇ। ਇਹ ਇੱਕ ਫ਼ਿਲਮ ਦੀ ਕਲਾ ਦੀ ਤੌਹੀਨ ਹੁੰਦੀ ਹੈ। ਖੈਰ ਮੈਂ ਸਾਰੇ ਕਲਾਕਾਰਾਂ ਨੂੰ ਮਿਲਿਆ ਅਤੇ ਉਹਨਾਂ ਦੀ ਬਣਦੀ ਪ੍ਰਸੰਸਾ ਕੀਤੀ। ਉਂਝ ਇਸ ਪ੍ਰੋਗਰਾਮ ਨੇ ਮੈਨੂੰ ਸਰੀ ਅਤੇ ਬਰੈਂਪਟਨ ਦੇ ਪ੍ਰੋਗਰਾਮਾਂ ਦੀ ਤੁਲਨਾ ਲਈ ਮਜਬੂਰ ਕੀਤਾ ਪਰ ਦਿਲ ਨੂੰ ਇਹ ਕਹਿ ਕੇ ਤਸੱਲੀ ਦੇ ਲਈ ਕਿ ਅਜੇ ਇੱਥੇ ਪੰਜਾਬੀ ਭਾਈਚਾਰਾ ਬਹੁਤ ਘੱਟ ਗਿਣਤੀ ਵਿੱਚ ਹੈ। ਜਦੋਂ ਇੱਥੇ ਵਾਲੇ ਪੰਜਾਬੀ ਵੀ ਸਥਾਪਤ ਹੋ ਗਏ ਤਾਂ ਇਹ ਵੀ ਮਿੰਨੀ ਪੰਜਾਬ ਬਣ ਜਾਵੇਗਾ।
ਇਸ ਵਾਰ ਮੈਂ ਚਾਰ ਦਿਨ ਸੈਕਸਚੂਨ ਰਿਹਾ ਅਤੇ ਆਪਣੇ ਦੋ ਕੁ ਮਹੀਨੇ ਦੇ ਪੈਂਡੇ ਨਾਲ ਵਕਤ ਬਿਤਾਇਆ। ਮੈਂ ਪੰਜਾਬੀ ਅਖਾਣ ਦੇ ਉਸ ਅਹਿਸਾਸ ਨੂੰ ਦਿਲੋਂ ਮਹਿਸੂਸ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ‘ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ।’ ਉਂਝ ਵੀ ਮੈਂ ਪਹਿਲਾਂ 9-10 ਦਿਨ ਵੈਨਕੂਵਰ ਅਤੇ ਕੈਲਗਰੀ ਚਲਾ ਗਿਆ ਸੀ ਅਤੇ ਅਗਲੇ ਵੀਕਐਂਡ ‘ਤੇ ਐਡਮਿੰਟਨ ਜਾਣ ਦਾ ਪ੍ਰੋਗਰਾਮ ਸੀ। ਇਸ ਕਰਕੇ ਘਰ ਵਕਤ ਦੇਣਾ ਵੀ ਜ਼ਰੂਰੀ ਸੀ। ਸੋ ਮੈਂ ਦਿੱਤਾ। ਸ਼ਨਿਚਰਵਾਰ ਨੂੰ ਸਵੇਰੇ ਐਡਮਿੰਟਨ ਜਾਣ ਦਾ ਪ੍ਰੋਗਰਾਮ ਸੀ ਪਰ ਤੁਰਦੇ ਤੁਰਦੇ ਕਾਫ਼ੀ ਲੇਟ ਹੋ ਗਏ। ਉਧਰ ਅੱਠ ਵਜੇ ਰੇਡੀਓ ਸਰਗਮ ਪਹੁੰਚਣਾ ਸੀ, ਜਿੱਥੇ ਗੁਰਸ਼ਰਨ ਬੁੱਟਰ ਨਾਲ ਇੱਕ ਘੰਟੇ ਦਾ ਪ੍ਰੋਗਰਾਮ ਤਹਿ ਸੀ। ਮੀਡੀਆ ਦਾ ਵਿਦਿਆਰਥੀ ਹੋਣ ਕਾਰਨ ਮੈਨੂੰ ਮੀਡੀਆ ਵਿੱਚ ਸਮੇਂ ਦੀ ਪਾਬੰਦੀ ਦਾ ਚੰਗੀ ਤਰ੍ਹਾਂ ਪਤਾ ਹੈ। ਉਂਝ ਤਾਂ ਸਮੇਂ ਦੀ ਪਾਬੰਦੀ ਹਰ ਖੇਤਰ ਵਿੱਚ ਹੀ ਮਹੱਤਤਾ ਰੱਖਦੀ ਹੈ ਪਰ ਮੀਡੀਆ ਵਿੱਚ ਇਸ ਦੀ ਖਾਸ ਮਹੱਤਤਾ ਹੁੰਦੀ ਹੈ। ਖੈਰ ਅਸੀਂ ਵਕਤ ਸਿਰ ਰੇਡੀਓ ਸਟੂਡੀਓ ਪਹੁੰਚ ਗਏ। ਗੁਰਸ਼ਰਨ ਬੁੱਟਰ ਇੰਤਜ਼ਾਰ ਕਰ ਰਿਹਾ ਸੀ, ਸਾਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ। ਰਮਨਰਿਸ਼ੀ ਨੇ ਇਹ ਪੂਰੀ ਟਾਕ ਨੂੰ ਫ਼ੇਸਬੁੱਕ ਤੇ ਲਾਈਵ ਕਰਨ ਲਈ ਮੇਰਾ ਫ਼ੋਨ ਸੈਟ ਕਰ ਦਿੱਤਾ। ਇਸ ਕੈਨੇਡਾ ਦੀ ਯਾਤਰਾ ਸਮੇਂ ਮੈਂ ਤਕਰੀਬਨ ਸਾਰੇ ਹੀ ਟੀ. ਵੀ., ਰੇਡੀਓ ਅਤੇ ਹੋਰ ਪ੍ਰੋਗਰਾਮ ਫ਼ੇਸਬੁੱਕ ਲਾਈਵ ਕੀਤੇ ਹਨ। ਮੇਰਾ ਖਿਆਲ ਇਸ ਤਰ੍ਹਾਂ ਕਰਨ ਨਾਲ ਜਿੱਥੇ ਅਸੀਂ ਵਿਸ਼ਵ ਵਿੱਚ ਫ਼ੈਲੇ ਆਪਣੇ ਸਰੋਤਿਆਂ/ਦਰਸ਼ਕਾਂ ਤੱਕ ਪਹੁੰਚ ਜਾਂਦੇ ਹਾਂ, ਉਥੇ ਫ਼ੀਡਬੈਕ ਵੀ ਸਾਨੂੰ ਉਸੇ ਸਮੇਂ ਮਿਲ ਜਾਂਦੀ ਹੈ, ਜਿਸਦੀ ਸਾਨੂੰ ਕਾਫ਼ੀ ਲੋੜ ਹੁੰਦੀ ਹੈ ਤਾਂ ਜੋ ਅਸੀਂ ਆਪਣੇ ਵਿੱਚਾਰਾਂ ਦੀ ਪੜਚੋਲ ਕਰਕੇ ਸਹੀ ਅਤੇ ਗਲਤ ਦਾ ਨਿਰਣਾ ਕਰ ਸਕੀਏ। ਪ੍ਰੋਗਰਾਮ ਦੇ ਹੋਸਟ ਗੁਰਸ਼ਰਨ ਬੁੱਟਰ ਨੇ ਇਸ ਟਾਕ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਤਾਂ ਉਹਨਾਂ ਮੀਡੀਆ ਬਾਰੇ ਖਾਸ ਤੌਰ ‘ਤੇ ਸੋਸ਼ਲ ਮੀਡੀਆ ਬਾਰੇ ਸਵਾਲ ਕੀਤੇ। ਦੂਜਾ ਉਹਨਾਂ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਸਵਾਲ ਕੀਤੇ। ਇਹਨਾਂ ਤੋਂ ਇਲਾਵਾ ਮੈਂ ਪੰਜਾਬੀ ਯੂਨੀਵਰਸਿਟੀ ਦੇ ਅਲੂਮਨੀਜ਼ ਨੁੰ ਵੀ ਅਗਲੇ ਦਿਨ ਮਿਲਣ ਦਾ ਸੁਨੇਹਾ ਦਿੱਤਾ। ਨਤੀਜੇ ਵਜੋਂ ਪ੍ਰੋਗਰਾਮ ਖਤਮ ਹੁੰਦੇ ਸਾਰ ਮੈਨੁੰ ਕਈ ਸਾਬਕਾ ਵਿਦਿਆਰਥੀਆਂ ਦੇ ਫ਼ੋਨ ਆਏ।
ਰੇਡੀਓ ਪ੍ਰੋਗਰਾਮ ਤੋਂ ਬਾਅਦ ਅਸੀਂ ਏਸ਼ੀਅਨ ਵਿਲੇਜ਼ ਦੇ ਸਾਹਮਣੇ ਪਹੁੰਚਣਾ ਸੀ, ਜਿੱਥੇ ਇੰਦਰਜੀਤ ਮੁੱਲਾਂਪੁਰੀ ਵੱਲੋਂ ਖੋਲ੍ਹੀ ਗਈ ਨਵੀਂ ਪ੍ਰਿੰਟਿੰਗ ਪ੍ਰੈਸ ਦਾ ਉਦਘਾਟਨ ਸੀ। ਉਥੇ ‘ਏਸ਼ੀਅਨ ਟ੍ਰਿਬਿਊਨ’ ਦੇ ਐਡੀਟਰ ਯਸ਼ ਸ਼ਰਮਾ, ਪਾਲ ਬੋਪਾਰਾਏ, ਸਾਬਕਾ ਐਮ. ਐਲ. ਏ. ਪੀਟਰ ਸੰਧੂ ਅਤੇ ਹੋਰ ਮਿੱਤਰ ਮੇਰਾ ਇੰਤਜ਼ਾਰ ਕਰ ਰਹੇ ਸਨ। ਮੈਂ ਆਪਣੇ ਕਰੀਬੀ ਮਿੱਤਰ ਪ੍ਰੋ. ਜਗਦੇਵ ਸਿੰਘ ਨੂੰ ਉਥੇ ਹੀ ਪਹੁੰਚਣ ਦਾ ਸੱਦਾ ਦਾ ਚੁੱਕਾ ਸੀ। ਇੰਦਰਜੀਤ ਮੁੱਲਾਂਪੁਰੀ ਦੇਸ਼-ਵਿਦੇਸ਼ ਟਾਇਮਜ਼ ਨਾਂ ਦਾ ਸਪਤਾਹਿਕ ਅਖਬਾਰ ਚਲਾ ਰਿਹਾ ਹੈ ਅਤੇ ਸੱਤ ਸਾਲ ਪਹਿਲਾਂ ਲੁਧਿਆਣਾ ਤੋਂ ਇਸੇ ਨਾਮ ਦਾ ਇੱਕ ਰੋਜ਼ਾਨਾ ਅਖਬਾਰ ਸ਼ੁਰੂ ਕੀਤਾ ਸੀ। ਜਿਸ ਦਾ ਮੈਂ ਦੋ ਕੁ ਮਹੀਨੇ ਸੰਪਾਦਕ ਰਿਹਾ ਸੀ ਅਤੇ ਮੇਰੇ ਤੋਂ ਬਾਅਦ ਸ਼ਿੰਗਾਰਾ ਸਿੰਘ ਭੁੱਲਰ ਇਸਦਾ ਸੰਪਾਦਕ ਬਣਿਆ ਸੀ। ਹੁਣ ਉਸਨੇ ਇੱਥੇ ਪ੍ਰਿਟਿੰਗ ਪ੍ਰੈਸ ਲਾਈ ਸੀ। ਪ੍ਰੋ. ਜਗਦੇਵ ਸਿੰਘ ਇੱਥੇ ਹੀ ਪਹੁੰਚ ਗਏ ਸਨ। ਪ੍ਰੋ. ਜਗਦੇਵ ਸਿੰਘ ਮੰਡੀ ਅਹਿਮਦਗੜ੍ਹ ਦੇ ਲਾਗਲੇ ਪਿੰਡ ਜਡਾਲੀ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪੱਤਰਕਾਰੀ ਵਿਭਾਗ ਵਿੱਚ ਅੰਗਰੇਜ਼ੀ ਦੇ ਪ੍ਰੋਫ਼ੈਸਰ ਵਜੋਂ ਰਿਟਾਇਰ ਹੋ ਕੇ ਐਡਮਿੰਟਨ ਰਹਿ ਰਹੇ ਸਨ। ਯਸ਼ ਸ਼ਰਮਾ ਤਾਂ ਮੇਰਾ ਪੁਰਾਣਾ ਮਿੱਤਰ ਸੀ ਅਤੇ 2009 ਦੀ ਕੈਨੇਡਾ ਯਾਤਰਾ ਵੇਲੇ ਅਸੀਂ ਰਲ ਕੇ ਪੰਜਾਬੀ ਪੰਦਰਵਾੜਾ ਸ਼ੁਰੂ ਕਰ ਦਿੱਤਾ ਸੀ। ਪਾਲ ਬੋਪਾਰਾਏ ਗਲੋਬਲ ਪੰਜਾਬ ਫ਼ਾਊਂਡੇਸ਼ਨ ਦੇ ਐਡਮਿੰਟਨ ਚੈਪਟਰ ਦਾ ਚੇਅਰਮੈਨ ਹੈ। ਇਉਂ ਐਡਮਿੰਟਨ ਸ਼ਹਿਰ ਦੇ ਸਿਰਕੱਢ ਪੰਜਾਬੀ ਇੱਥੇ ਪਹੁੰਚੇ ਹੋਏ ਸਨ। ਮੈਨੂੰ ਯਸ਼ ਸ਼ਰਮਾ ਨੇ ਇਹਨਾਂ ਮਿੱਤਰਾਂ ਨੂੰ ਮੁਖਾਤਬ ਕਰਨ ਦਾ ਸੱਦਾ ਦਿੱਤਾ ਅਤੇ ਮੈਂ ਤਕਰੀਬਨ 15-20 ਮਿੰਟ ਵਿੱਚ ਪਰਵਾਸੀਆਂ ਵੱਲੋਂ ਪੰਜਾਬੀ ਮੀਡੀਆ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਯਸ਼ ਸ਼ਰਮਾ ਵੱਲੋਂ ਲਡਕੂ ਦੇ ਹੋਟਲ ਰਾਮਾਡਾ ਵਿੱਚ ਸਾਡੇ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸੀ। ਪ੍ਰੋਗਰਾਮ ਤੋਂ ਬਾਅਦ ਉਥੇ ਪਹੁੰਚ ਕੇ ਰਾਤ ਬਿਤਾਈ।
ਅਗਲੇ ਦਿਨ ਦੇ ਪ੍ਰੋਗਰਾਮਾਂ ਵਿੱਚ ਇੱਕ ਪ੍ਰੋਗਰਾਮ ‘ਵਤਨ ਟੀ. ਵੀ.’ ਵੱਲੋਂ ਮੇਰੀ ਇੰਟਰਵਿਊ ਕੀਤੀ ਜਾਣੀਸੀ। ਸੋ ਮੈਂ ਨਿਸਚਿਤ ਵਕਤ ‘ਪਿੰਡ ਪੰਜਾਬ’ ਪਹੁੰਚ ਗਿਆ। ਕੈਮਰਾਮੈਨ ਅਸ਼ੋਕ ਸ਼ਰਮਾ ਕਿਸੇ ਸਮੇਂ ਦੂਰਦਰਸ਼ਨ ਵਿੱਚ ਪ੍ਰੋਡਿਊਸਰ ਹੁੰਦਾ ਸੀ, ਸ਼ਾਇਦ ਇਸੇ ਕਾਰਨ ਉਹ ਕੈਮਰਾਮੈਨ ਦੇ ਨਾਲ ਨਾਲ ਪ੍ਰੋਗਰਾਮ ਡਾਇਰੈਕਟਰ ਦੀ ਭੂਮਿਕਾ ਵੀ ਨਿਭਾਅ ਰਿਹਾ ਸੀ। ਯਸ਼ ਸ਼ਰਮਾ ਨੇ ਇੰਟਰਵਿਊ ਸ਼ੁਰੂ ਕੀਤੀ ਤਾਂ ਅਸ਼ੋਕ ਸ਼ਰਮਾ ਬਾਰ-ਬਾਰ ਦਖ਼ਲ ਦੇ ਰਿਹਾ ਸੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਬਾਰੇ ਸਵਾਲ ਕਰਨ ਲਈ ਕਹਿ ਰਿਹਾ ਸੀ। ਫ਼ਿਰ ਉਹਨਾਂ ਆਰ. ਐੱਸ. ਐੱਸ. ਦੀ ਭੂਮਿਕਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਸਵਾਲ ਕੀਤੇ। ਮੈਂ ਹੇਠ ਲਿਖੇ ਸ਼ੇਅਰ ਨਾਲ ਆਪਣੀ ਗੱਲ ਸਮਾਪਤ ਕੀਤੀ: ਮੈਂ ਤੋ ਚਾਹਤਾ ਹੂੰ ਪਰਚਮ ਯੇ ਤਰੰਗਾ ਹੋ ਜਾਏ
ਕਯਾ ਕਹੂੰ ਕੁਛ ਲੋਗੋਂ ਕੀ ਯਹ ਖ਼ਾਹਿਸ਼ ਹੈ ਕਿ ਭਗਤਾ ਹੋ ਜਾਏ















