ਸੱਥ ‘ਚ ਆਉਂਦਿਆ ਹੀ ਬਾਬਾ ਚਿੰਤ ਸਿਉਂ ਵੋਟਾਂ ਦੀ ਗੱਲ ਛੇੜ ਕੇ ਬਹਿ ਗਿਆ। ਬਾਬੇ ਦੀ ਗੱਲ ਸੁਣ ਕੇ ਸੱਥ ਵਾਲੇ ਥੜ੍ਹੇ ਦੇ ਦੂਜੇ ਪਾਸੇ ਤਾਸ਼ ਖੇਡੀ ਜਾਂਦੀ ਟੋਲੀ ਦੇ ਸਰ੍ਹਾਣੇ ਬੈਠੇ ਨਾਥੇ ਅਮਲੀ ਨੂੰ ਮਾਹਲਾ ਨੰਬਰਦਾਰ ਹਾਕ ਮਾਰ ਕੇ ਬੋਲਿਆ, ”ਹੋਅ ਨਾਥਾ ਸਿਆਂ! ਓਏ ਆ ਉਰ੍ਹੇ। ਆਹ ਸੁਣ ਚਿੰਤ ਸਿਉਂ ਤੇਰੇ ਆਸਤੇ ਵੋਟਾਂ ਦੀ ਕੀ ਖਬਰ ਸਾਰ ਲੈ ਕੇ ਆਇਆ। ਆ ਜਾ ਉਰ੍ਹੇ ਤੈਨੂੰ ਗੱਲ ਸਣਾਈਏ। ਇਨ੍ਹਾਂ ਨੂੰ ਆਵਦੀ ਤਾਸ਼ ਖੇਡ ਲੈਣ ਦੇ, ਆਪਾਂ ਐਧਰ ਲਾਉਣੇ ਐਂ ਨਿੰਮ੍ਹ ਨੂੰ ਪਤਾਸੇ। ਆ ਜਾ।”
ਨਾਥਾ ਅਮਲੀ ਮਾਹਲੇ ਨੰਬਰਦਾਰ ਦੀ ਗੱਲ ਸੁਣ ਕੇ ਬੁੜ ਬੁੜ ਜੀ ਕਰਦਾ ਤਾਸ਼ ਵਾਲਿਆਂ ਕੋਲੋਂ ਉੱਠ ਕੇ ਬਾਬੇ ਚਿੰਤ ਸਿਉਂ ਨੂੰ ਆ ਕੇ ਕਹਿੰਦਾ, ”ਸਣਾ ਬਈ ਬਾਬਾ ਕੀ ਹਾਲ ਚਾਲ ਐ। ਨਮੇਂ ਬੰਨ੍ਹੇ ਇੰਜਨ ਆਂਗੂੰ ਸਰੀਰ ਮਾਰਦੈ ਅੱਠੋ ਅੱਠ ਕੁ ਤੇਲ ਅੱਲੋਂ ਹਵਾ ਲਏ ਆਂਗੂੰ ਫ਼ਿਸ ਫ਼ਿਸ ਕਰਦੈ। ਅੱਜ ਕਿਮੇਂ ਇਉਂ ਚੁੱਪ ਜਾ ਕਰ ਕੇ ਆ ਕੇ ਬਹਿ ਗਿਐਂ ਜਿਮੇਂ ਨੱਥੂ ਮਝੈਲ ਕਾ ਛਿੰਦਾ ਸਹੁਰਿਆਂ ਤੋਂ ਕੁੱਟ ਖਾ ਕੇ ਤੜਕੋ ਤੜਕੀ ਮੂੰਹ ਨੇਰ੍ਹੇ ਆ ਕੇ ਕੁਤਰਾ ਕਰਨ ਆਲੇ ਟੋਕੇ ਦੇ ਨਾਲ ਲੱਗ ਕੇ ਬਹਿ ਗਿਆ ਸੀ। ਤੂੰ ਨਾ ਬਾਬਾ ਕਦੇ ਫ਼ਿਕਰਾਂ ‘ਚੋਂ ਬਾਹਰ ਨਿਕਲਿਆ। ਤੇਰਾ ਚਿੰਤਾ ਨਾਂਅ ਧਰਨ ਵੇਲੇ ਈ ਬਜ਼ੁਰਗਾਂ ਤੋਂ ਨਾਂ ਧਰਨ ‘ਚ ਗ਼ਲਤੀ ਹੋਗੀ। ਤਾਹੀਂ ਤਾਂ ਤੂੰ ਹਰੇਕ ਗੱਲ ਦੀ ਚਿੰਤਾ ਕਰਦਾ ਰਹਿਨੈਂ। ਤੇਰਾ ਤਾਂ ਨਾਂ ਬੇਫ਼ਿਕਰ ਸਿਉਂ ਧਰਨਾ ਚਾਹੀਦਾ ਸੀ। ਧਰ ‘ਤਾ ਚਿੰਤਾ ਸਿਉਂ। ਆਪ ਤਾਂ ਬਜ਼ੁਰਗ ਹੋ ਗੇ ਫ਼ੌਤ, ਚਿੰਤਾ ਨਾਂ ਧਰਕੇ ਬਾਬਾ ਤੈਨੂੰ ਧੱਕਾ ਦੇ ਕੇ ਖੂਹ ‘ਚ। ਭੰਨਦਾ ਫ਼ਿਰ ਹੁਣ ਉਂਗਲਾਂ ‘ਤੇ ਗਿਣਤੀਆਂ। ਚੱਲ ਕੋਈ ਨ੍ਹੀ! ਐਮੇਂ ਨਾ ਚਿੰਤਾ ਕਰ। ਰੱਬ ਭਲੀ ਕਰੂ। ਹੁਣ ਤਾਂ ਬਹੁਤੀ ਨਿੱਕਲਗੀ ਥੋੜੀ ਰਹਿ ਗੀ। ਅਗਲੇ ਜਾਮੇਂ ‘ਚ ਸਹੀ। ਹੁਣ ਆਲੀ ਔਖ ਦੇ ਗਾਹਾਂ ਆਲੇ ਜਨਮ ‘ਚ ਸੌਖ ਵੀ ਦੇਊਗੀ। ਛੱਡ ਪਰ੍ਹਾਂ ਫ਼ਿਕਰਾਂ ਨੂੰ। ਕੋਈ ਹੱਡਬੀਤੀ ਓ ਈ ਸਣਾ ਦੇ। ”
ਸੀਤਾ ਮਰਾਸੀ ਨਾਥੇ ਅਮਲੀ ਤੋਂ ਛਿੰਦੇ ਦੀ ਗੱਲ ਸੁਣ ਕੇ ਅਮਲੀ ਨੂੰ ਕਹਿੰਦਾ, ”ਅਮਲੀਆ ਗਾਹਾਂ ਵੀ ਦੱਸਦੇ ਬਈ ਪੱਠੇ ਪਾਉਣ ਆਏ ਛਿੰਦੇ ਕੇ ਸਾਂਝੀ ਜੱਭੀ ਨੇ ਕਿਵੇਂ ਕੀਤੀ ਸੀ ਛਿੰਦੇ ਨਾਲ, ਉਹ ਵੀ ਸਾਰੀ ਗੱਲ ਨੂੰ ਵਿਉਂਤ ਦੇ ਹੁਣ। ਕੱਚ ਨਾ ਰੱਖ। ਜੇ ਕੋਈ ਐਧਰਲੀ ਊਧਰਲੀ ਗੱਲ ਕਰਨੀ ਹੋਵੇ ਤਾਂ ਜਲੇਬੀਆਂ ‘ਤੇ ਰੇਤਾ ਭੁੱਕ ਈ ਦੇਈਦਾ ਹੁੰਦੈ। ਤੂੰ ਤਾਂ ਪਤੰਦਰਾ ਭਾਂਡਿਆਂ ਆਲਿਆਂ ਦੇ ਦੇਬੂ ਆਂਗੂੰ ਅੱਧੀ ਗੱਲ ਸੰਘ ਚੀ ਰੱਖ ਗਿਐਂ।”
ਅਮਲੀ ਕਹਿੰਦਾ, ”ਜੱਭੀ ਨੇ ਕੀ ਕਰਨੀ ਸੀ ਛਿੰਦੇ ਨਾਲ। ਉਹ ਤਾਂ ਜਦੋਂ ਅੱਧ ਨੇਰ੍ਹੇ ਜੇ ‘ਚ ਜੱਭੀ ਡੰਗਰਾਂ ਨੂੰ ਪੱਠੇ ਪਾਉਣ ਆਇਆ ਉਦੋਂ ਕਿਤੇ ਛਿੰਦੇ ਨੂੰ ਚੋਰ ਦੇ ਭਲੇਖੇ ‘ਚ ਚੰਡੋਲ ‘ਤੇ ਚੜ੍ਹਾ ‘ਤਾ। ਸਲੱਗ ਨੇ ਸਿਰ ‘ਚ ਮਾਰ ਮਾਰ ਟੋਕਰੇ ਛਿੰਦਾ ਬਮਾਰ ਬੱਕਰੀ ਅਰਗਾ ਕਰ ‘ਤਾ। ਇਹ ਤਾਂ ਜਦੋਂ ਮਝੈਲਾਂ ਦਾ ਕਿਤੇ ਕੁੱਤਾ ਭੌਂਕਣੋ ਨਾ ਹਟਿਆ, ਫ਼ੇਰ ਉੱਠਿਆ ਨੱਥੂ ਮਝੈਲ। ਜਦੋਂ ਓਹਨੇ ਵੇਖਿਆ ਬਈ ਸਾਂਝੀ ਟੋਕਰੇ ਕਾਹਦੇ ‘ਤੇ ਮਾਰੀ ਜਾਂਦਾ। ਨੱਥੂ ਕੋਲੇ ਆ ਕੇ ਸਾਂਝੀ ਨੂੰ ਕਹਿੰਦਾ ‘ਓਏ ਪਾਪੀਆ ਕਿਉਂ ਕੁੱਟਦੈਂ ਕੱਟੇ ਨੂੰ, ਕੀ ਹੋ ਗਿਆ ਜੇ ਖੁੱਲ੍ਹ ਕੇ ਆ ਕੇ ਮਸ਼ੀਨ ਤੋਂ ਰੁੱਗ ਪੱਠੇ ਖਾ ਗਿਆ ਤਾਂ। ਹਟ ਜਾ ਨਾਲੇ ਟੋਕਰਾ ਤੋੜੇਂਗਾ’। ਨੱਥੂ ਨੇ ਬਾਬਾ ਸਮਝਿਆ ਬਈ ਕਿਤੇ ਕੱਟਾ ਖੁੱਲ੍ਹ ਕੇ ਕੁਤਰਾ ਮਸ਼ੀਨ ‘ਤੇ ਪਏ ਪੱਠੇ ਖਾਣ ਲੱਗ ਪਿਆ ਬਈ ਤਾਂ ਕੱਟੇ ਦੇ ਟੋਕਰੇ ਮਾਰਦੈ। ਅਕੇ ਸਾਂਝੀ ਨੱਥੂ ਮਝੈਲ ਨੂੰ ਕਹਿੰਦਾ ‘ਕਾਹਨੂੰ ਕੱਟਾ ਤਾਇਆ ਇਹੇ। ਚੋਰ ਐ ਸਾਲਾ ਕੋਈ। ਪਤਾ ਨ੍ਹੀ ਕਦੋਂ ਕੁ ਦਾ ਟੋਕੇ ਨਾਲ ਲੱਗਿਆ ਬੈਠੈ। ਇਹ ਤਾਂ ਗੱਲ ਕਰ ਮੈਂ ਵੇਖ ਲਿਆ ਨਹੀਂ ਤਾਂ ਖਾਣੀ ਮੱਝ ਈ ਨਾ ਕੋਈ ਖੋਲ੍ਹ ਕੇ ਲੈ ਜਾਂਦਾ’। ਜਦੋਂ ਸਾਂਝੀ ਨੇ ਕਿਹਾ ਬਈ ਚੋਰ ਐ ਇਹੇ ਤਾਂ ਨੱਥੂ ਵੀ ਭਾਈ ਡਾਂਗ ਚੱਕ ਲਿਆਇਆ। ਸਾਂਝੀ ਨੂੰ ਕਹਿੰਦਾ ‘ਇਹਨੂੰ ਬਾਹਰ ਕੱਢ ਐਧਰ ਮਸ਼ੀਨ ‘ਚੋਂ। ਟੋਕਰਿਆਂ ਦੇ ਭੰਨੇ ਵੇ ਬੌਂਦਲੇ ਛਿੰਦੇ ਨੂੰ ਸਾਂਝੀ ਮਸ਼ੀਨ ਕੋਲੋਂ ਬਾਹਰ ਨੂੰ ਇਉਂ ਘੜੀਸੀ ਆਵੇ ਜਿਮੇਂ ਕੁੱਤੇ ਰਸੋਈ ‘ਚੋਂ ਆਟੇ ਆਲੀ ਬੋਰੀ ਖਿੱਚੀ ਆਉਂਦੇ ਹੋਣ। ਜਦੋਂ ਛਿੰਦੇ ਨੂੰ ਬਾਹਰ ਖਿੱਚ ਲਿਆ ਤਾਂ ਨੱਥੂ ਨੇ ਵੀ ਵਰਾਹ ‘ਤੀ ਫ਼ਿਰ ਬਾਬਾ ਡਾਂਗ। ਮਝੈਲ ਨੇ ਮਾਰ ਮਾਰ ਡਾਂਗਾਂ ਛਿੰਦਾ ਕੁੱਟ ਕੁੱਟ ਇਉਂ ਕਰ ‘ਤਾ ਜਿਮੇਂ ਆਪਸ ਵਿੱਚ ਭਿੜਦੇ ਸਾਨ੍ਹਾਂ ਨੇ ਰੇਲੋ ਮਾਈ ਦਾ ਅੱਧ ਪੂਰਿਆ ਗੀਰ੍ਹਾ ਮਿੱਧ-ਮਿੱਧ ਕੇ ਰੂੜੀ ਬਣਾ ‘ਤਾ ਸੀ। ਜਦੋਂ ਛਿੰਦੇ ਨੇ ਚੀਕਾਂ ਮਾਰਦੇ ਨੇ ਕਿਤੇ ਕਿਹਾ ‘ਨਾ ਓਏ ਬਾਪੂ ਮਾਰ ਮੈਂ ਤਾਂ ਛਿੰਦੈਂ’, ਫ਼ੇਰ ਮਝੈਲ ਨੇ ਛਿੰਦੇ ਦੀ ਮਾਂ ਜੰਗੀਰ ਕੁਰ ਨੂੰ ਹਾਕ ਮਾਰੀ ‘ਓ ਲਾਟਨ ਲਿਆਈਂ ਇਹ ਤਾਂ ਕਹਿੰਦਾ ਮੈਂ ਛਿੰਦੈਂ। ਜਦੋਂ ਬਾਬਾ ਜੰਗੀਰ ਕਰੁ ਲਾਟਨ ਲੈ ਕੇ ਆਈ ਫ਼ੇਰ ਚਾਨਣੇ ਪਤਾ ਲੱਗਿਆ ਬਈ ਇਹ ਤਾਂ ਸੱਚੀਉਂ ਈਂ ਛਿੰਦਾ। ਫ਼ੇਰ ਜੰਗੀਰ ਕੁਰ ਨੇ ਛਿੰਦੇ ਤੋਂ ਛੋਟੇ ਮੁੰਡੇ ਮੰਨੇ ਨੂੰ ‘ਠਾਇਆ। ਕਹਿੰਦੀ ‘ਉੱਠ ਵੇ ਮੰਨਿਆਂ, ਟਰੈਗਟ ਸਟਾਟ ਕਰ ਛਿੰਦੇ ਨੂੰ ਹਥਪਤਾਲ ਲੈ ਕੇ ਜਾਣੈ। ਤੇਰੇ ਪਿਉ ਨੇ ਤਾਂ ਹੋਰ ਈ ਜਾਹ ਜਾਂਦੀ ਕਰ ‘ਤੀ ਸੀ’। ਆਹ ਗੱਲ ਹੋਈ ਸੀ ਛਿੰਦੇ ਨਾਲ।”
ਸੀਤਾ ਮਰਾਸੀ ਕਹਿੰਦਾ, ”ਕੁੱਟ ਕੁੱਟ ਕੇ ਤਾਂ ਸਹੁਰਿਆਂ ਨੇ ਪਹਿਲਾਂ ਈਂ ਛਿੰਦੇ ਦਾ ਗੱਦੋਂ ਖੁਰਕਾ ਕਰ ‘ਤਾ ਸੀ। ਰਹਿੰਦੀ ਖੂੰਦੀ ਕਸਰ ਨੱਥੂ ਮਝੈਲ ਨੇ ਘਰ ਆਏ ਦੀ ਕੱਢ ‘ਤੀ।”
ਮਝੈਲਾਂ ਦੇ ਟੱਬਰ ਦੀਆਂ ਗੱਲਾਂ ਦਾ ਰੇੜਕਾ ਸੁਣ ਕੇ ਬਾਬਾ ਚਿੰਤ ਸਿਉਂ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਕਿਉਂ ਨੰਬਰਦਾਰਾ! ਇਨ੍ਹਾਂ ਨੂੰ ਕੋਈ ਗੱਲ ਥਿਆ ਜੇ ਸਹੀ, ਫ਼ੇਰ ਤਾਂ ਲੀਰਾਂ ਦੀ ਖੁੱਦੋ ਆਂਗੂੰ ‘ਕੱਲੀ ‘ਕੱਲੀ ਲੀਰ ਕਰ ਕੇ ਛੱਡਦੇ ਐ। ਮੈਂ ਤਾਂ ਆਉਂਦੇ ਨੇ ਵੋਟਾਂ ਦੀ ਗੱਲ ਕੀਤੀ ਸੀ ਬਈ ਪੁੱਛਦੇ ਆਂ ਵੋਟਾਂ ਆਲਿਆਂ ਦੀ ਕਾਟ੍ਹੋ ਕਿੱਥੋਂ ਕੁ ਤਕ ਚੜ੍ਹੀ ਐ। ਇਨ੍ਹਾਂ ਪਤੰਦਰਾਂ ਨੇ ਮਝੈਲਾਂ ਦਾ ਹੋਰ ਈ ਕਿੱਸਾ ਛੇੜ ਲਿਆ। ਆਹ ਮਰਾਸੀ ਤੇ ਅਮਲੀ ਤਾਂ ਯਾਰ ਪਤਾ ਨ੍ਹੀ ਕੀ ਖਾ ਕੇ ਆਉਂਦੇ ਐ, ਜਿਮੇਂ ਤੋੜ ‘ਤੇ ਗੁਲਗਲਾ ਟੰਗ ਦਿੰਦੇ ਐ ਨਾ, ਇਉਂ ਟੰਗ ਦਿੰਦੇ ਐ ਗੱਲ ਨੂੰ।”
ਬਾਬੇ ਦੇ ਕੋਲ ਬੈਠਾ ਬੁੱਘਰ ਦਖਾਣ ਨਾਥੇ ਅਮਲੀ ਨੂੰ ਕਹਿੰਦਾ, ”ਅਮਲੀਆ ਬਾਬੇ ਨੇ ਤਾਂ ਤੈਥੋਂ ਵੋਟਾਂ ਦੀ ਗੱਲ ਪੁੱਛਣੀ ਸੀ, ਤੂੰ ਹੋਰ ਈ ਹੀਰ ਛੇੜ ਕੇ ਬਹਿ ਗਿਐਂ।”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਹਾਂ ਬਾਬਾ ਪੁੱਛ ਕੀ ਪੁੱਛਣੈ?”
ਬਾਬਾ ਕਹਿੰਦਾ, ”ਮੈਂ ਤਾਂ ਯਾਰ ਇਉਂ ਪੁੱਛਦਾਂ ਬਈ ਵੋਟਾਂ ਵਾਟਾਂ ਦਾ ਕੀ ਚੱਜ ਹਾਲ ਐ। ਕਿਹੜੇ ਕਿਹੜੇ ਉੱਠੇ ਐ। ਨਾਲੇ ਹੁਣ ਤਾਂ ਦਸਦੇ ਐ ਕਈ ਪਾਲਟੀਆਂ ਝੰਡੇ ਚੱਕੀ ਫ਼ਿਰਦੀਐਂ। ਇਹ ਜਿਹੜੇ ਝਾੜੂ ਆਲੇ ਐ ਇਹ ਕਿਮੇਂ ਐਂ ਬਈ?”
ਨਾਥਾ ਅਮਲੀ ਕਹਿੰਦਾ, ”ਵੋਟਾਂ ਆਲਿਆਂ ਦਾ ਤਾਂ ਬਾਬਾ ਰੌਲਾ ਰੱਪਾ ਅਜੇ ਸ਼ੁਰੂ ਈ ਹੋਇਆ ਸੀ, ਵਿੱਚੇ ਈ ਨੋਟਾਂ ਦਾ ਰੇੜਕਾ ਪੈ ਗਿਆ। ਹੁਣ ਤੂੰ ਇਉਂ ਦੱਸ ਬਈ ਵੋਟਾਂ ਦੀ ਸੁਣਨੀ ਐ ਕੇ ਨੋਟਾਂ ਦੀ ਸੁਣਨੀ ਐ?”
ਸੂਬੇਦਾਰ ਰਤਨ ਸਿਉਂ ਕਹਿੰਦਾ, ”ਪਹਿਲੇ ਤੋ ਅਮਲੀਆ ਐਸੇ ਬਤਾ ਬਈ ਕੋਈ ਬਾਤ ਸਣਾਏਂਗਾ ਵੀ ਕੁ ਪੂਛ ਪੜਤਾਲ ਈ ਕਰੀ ਜਾਏਂਗਾ?”
ਅਮਲੀ ਸੂਬੇਦਾਰ ਨੂੰ ਕਹਿੰਦਾ, ”ਫ਼ੌਜੀਆ, ਫ਼ੌਜੀਆ! ਤੂੰ ਦੱਸ ਤਾਂ ਸਹੀ ਕਿਹੜੀ ਸੁਣਨੀ ਐ। ਦੋਹੇਂ ਸਣਾ ਦਿਆਂ ਵਾਰੀ ਵਾਰੀ।”
ਮਾਹਲਾ ਨੰਬਰਦਾਰ ਕਹਿੰਦਾ, ”ਬੰਨ੍ਹ ਦੇ ਫ਼ਿਰ ਅਮਲੀਆ ਤਾਰੇ ਹੁਣ।”
ਬੰਤਾ ਬੁੜ੍ਹਾ ਅਮਲੀ ਨੂੰ ਕਹਿੰਦਾ, ”ਅਮਲੀਆ ਵੋਟਾਂ ਨੋਟਾਂ ਦੀ ਤਾਂ ਫ਼ੇਰ ਸਣਾਈਂ, ਪਹਿਲਾਂ ਇਉਂ ਦੱਸ ਬਈ ਆਪਣੇ ਪਿੰਡ ‘ਚ ਬੱਕਰੀਆਂ ਦੀ ਚੋਰੀ ਬਹੁਤ ਵਧ ਗੀ। ਕਈ ਦਿਨ ਹੋ ਗੇ ਮੀਣੇ ਝਿਉਰ ਦੀਆਂ ਦੋ ਬੱਕਰੀਆਂ ਚੋਰੀ ਹੋ ਗੀਆਂ। ਇੱਕ ਦਿਨ ਚੂੜ੍ਹ ਪਾਂਧੀ ਦੀ ਬੱਕਰੀ ਲੈ ਗਿਆ ਕੋਈ ਰਾਤ ਨੂੰ। ਆਹ ਪਰਸੋਂ ਰਾਤ ਨੂੰ ਕਹਿੰਦੇ ਕੌਰੂ ਆਜੜੀ ਦੀ ਬੱਕਰੀ ਲੈ ਗਿਆ ਕੋਈ ਖੋਹਲ ਕੇ।”
ਅਮਲੀ ਬੰਤੇ ਬੁੜ੍ਹੇ ਦੀ ਗੱਲ ਸੁਣ ਕੇ ਬੁੜ੍ਹੇ ਨੂੰ ਕਹਿੰਦਾ, ”ਬੱਕਰੀ ਚੋਰੀ ਦੀ ਗੱਲ ਸੁਣ ਲਾ ਤਾਇਆ। ਮੀਣੇ ਝਿਉਰ ਦੀਆਂ ਬੱਕਰੀਆਂ ਤਾਂ ਇਉਂ ਚੋਰੀ ਹੋਈਆਂ ਬਈ ਇੱਕ ਦਿਨ ਉਹਦੀਆਂ ਇਹੀ ਚੋਰੀ ਹੋਈਆਂ ਬੱਕਰੀਆਂ ਨੂੰ ਕਿਤੇ ਖਾਧੇ ਪੀਤੇ ਦਾ ਅਫ਼ਰੇਮਾਂ ਹੋ ਗਿਆ। ਮੀਣਾ ਝਿਉਰ ਸਲੋਤਰੀ ਨੂੰ ਸੱਦ ਲਿਆਇਆ ਬਈ ਮੇਰੀਆਂ ਬੱਕਰੀਆਂ ਵੇਖ ਕੇ ਆਈਂ ਬਈ ਕਾਹਤੋਂ ਆਫ਼ਰ ਗੀਆਂ। ਜਦੋਂ ਸਲੋਤਰੀ ਨੇ ਘਰੇ ਆ ਕੇ ਮੀਣੇ ਨੂੰ ਪੁੱਛਿਆ ਬਈ ਕੀ ਖਾਧਾ ਇਨ੍ਹਾਂ ਨੇ ਤਾਂ ਮੀਣਾ ਝਿਉਰ ਸਲੋਤਰੀ ਨੂੰ ਟਿੱਚਰ ‘ਚ ਕਹਿੰਦਾ ‘ਪੰਜ, ਪੰਜ ਸੌ ਤੇ ਹਜਾਰ, ਹਜਾਰ ਦੇ ਨੋਟ ਖਾ ਗੀਆਂ। ਪੱਠਾ ਦੱਥਾ ਈ ਖਾਧਾ ਇਨ੍ਹਾਂ ਨੇ ਹੋਰ ਇਨ੍ਹਾਂ ਨੇ ਕੀ ਖਾਣਾ ਸੀ’। ਬੱਕਰੀਆਂ ਆਲੇ ਵਾੜੇ ‘ਚ ਕਿਤੇ ਤਿੰਨ ਚਾਰ ਜਾਣੇ ਹੋਰ ਖੜ੍ਹੇ ਸੀ। ਉਨ੍ਹਾਂ ਨੇ ਸੁਣ ਲਿਆ ਬਈ ਬੱਕਰੀ ਨੋਟ ਖਾ ਗੀ। ਉਹ ਭਾਈ ਰਾਤ ਨੂੰ ਬੱਕਰੀਆਂ ਖੋਲ੍ਹ ਕੇ ਲੈ ਗੇ। ਇਉਂ ਈਂ ਕੌਰੂ ਆਜੜੀ ਨਾਲ ਹੋਈ ਐ। ਕੌਰੂ ਕੋਲੇ ਕੋਈ ਬਾਹਰੋਂ ਵਿਆਹ ਵਾਸਤੇ ਬੱਕਰਾ ਲੈਣ ਆ ਗਿਆ। ਉਹ ਬੰਦਾ ਇੱਕ ਚੰਗੀ ਮੋਟੀ ਬੱਕਰੀ ਵੱਲ ਝਾਕ ਕੇ ਕਹਿੰਦਾ ‘ਔਹ ਬੱਕਰੇ ਦਾ ਕੀ ਮੁੱਲ ਐ ਬਈ। ਕੌਰੂ ਕਹਿੰਦਾ ‘ਉਹ ਤਾਂ ਬੱਕਰੀ ਐ ਬੱਕਰਾ ਨ੍ਹੀ। ਉਹ ਬੰਦਿਆਂ ਨੇ ਪੁੱਛਿਆ ਬਈ ਇਹ ਬੱਕਰੀ ਐਨੀ ਮੋਟੀ ਕਿਉਂ ਐਂ? ਅਕੇ ਕੌਰੂ ਕਹਿੰਦਾ ‘ਇਹਦੇ ਤਾਂ ਨੋਟ ਖਾਧੇ ਵੇ ਐ। ਲੋਕ ਕਹਿੰਦੇ ਹੁੰਦੇ ਐ ਬਈ ਬੱਕਰੀ ਨੋਟ ਨ੍ਹੀ ਖਾਂਦੀ। ਆਹ ਸਾਡੀ ਬੱਕਰੀ ਨੇ ਤਾਂ ਆਂਢੀਆਂ ਗੁਆਂਢੀਆਂ ਦੇ ਨੋਟ ਮਨ੍ਹੀ ਛੱਡੇ। ਸਭ ਸਮੇਟ ਗੀ। ਉਨ੍ਹਾਂ ਬੰਦਿਆਂ ਦੇ ਮਨ ‘ਚ ਕਿਤੇ ਮੈਲ ਆ ਗੀ। ਉਨ੍ਹਾਂ ਨੇ ਤਾਂ ਬੱਕਰਾ ਬੁੱਕਰਾ ਕੋਈ ਖ਼ਰੀਦਿਆ ਈ ਨਾ। ਬੱਕਰੀ ‘ਤੇ ਅੱਖ ਰੱਖ ਲੀ। ਰਾਤ ਨੂੰ ਉਹ ਵੀ ਬੱਕਰੀ ਲੈ ਗੇ ਖੋਲ੍ਹ ਕੇ ਬਈ ਇੱਕੋ ਬੱਕਰੀ ਨਾਲ ਈ ਵਿਆਹ ਦਾ ਸਾਰਾ ਕੰਮ ਨਿੱਬੜ ਜੂ। ਇਉਂ ਚੋਰੀ ਹੁੰਦੀਐਂ ਬੱਕਰੀਆਂ। ਹੋਰ ਬੱਕਰੀਆਂ ਦੇ ਕੋਈ ਕੈਂਠੇ ਤਾਂ ਨ੍ਹੀ ਪਾਏ ਵੇ ਸੀ ਬਈ ਗਲ ‘ਚੋਂ ਲਹਿੰਦੇ ਨ੍ਹੀ ਸੀ ਜਿਹੜੇ। ਇਹ ਤਾਂ ਬਾਬਾ ਜਿੱਦੇਂ ਦਾ ਨੋਟਾਂ ਦਾ ਰੌਲਾ ਪਿਐ, ਕੁਸ ਨਾ ਕੁਸ ਹੋਈ ਜਾਂਦਾ। ਆਹ ਆਪਣੇ ਗੁਆੜ ਆਲੇ ਮਹਿੰਗੇ ਦੀ ਸੁਣ ਲਾ। ਕੱਲ੍ਹ ਕਿਤੇ ਬੰਕ ‘ਚੋਂ ਪੈਂਸੇ ਲੈਣ ਗਿਆ। ਸਾਰੀ ਦਿਹਾੜੀ ਭੁੱਖਾ ਤਿਹਾਇਆ ਲੈਣ ‘ਚ ਲੱਗਿਆ ਖੜ੍ਹਾ ਰਿਹਾ। ਆਥਣੇ ਜੇ ਬੰਕ ਬੰਦ ਹੋਣ ਵੇਲੇ ਰਪੀਆ ਮਿਲਿਆ ਦੋ ਹਜਾਰ।”
ਬਾਬਾ ਚਿੰਤ ਸਿਉਂ ਕਹਿੰਦਾ, ”ਮਹਿੰਗੇ ਨੂੰ ਦੋ ਹਜਾਰ ਮਿਲ ਤਾਂ ਗਿਆ। ਸਾਡੇ ਮੁੰਡਿਆਂ ਨੂੰ ਤਿੰਨ ਦਿਨ ਹੋ ਗੇ ਜਾਂਦਿਆਂ ਨੂੰ। ਇੱਕ ਡੱਬਰੀ ਪੈਂਸਾ ਮਨ੍ਹੀ ਮਿਲਿਆ।”
ਅਮਲੀ ਬਾਬੇ ਚਿੰਤ ਸਿਉਂ ਨੂੰ ਟਿੱਚਰ ‘ਚ ਕਹਿੰਦਾ, ”ਦੋ ਹਜਾਰ ਕਾਹਦਾ ਮਿਲਿਆ ਮਹਿੰਗੇ ਨੂੰ ਉਹ ਤਾਂ ਹਜਾਰ ਰਪੀਆ ਪੱਲਿਉਂ ਦੇ ਕੇ ਘਰੇ ਮੁੜਿਐ।”
ਬਾਬੇ ਨੇ ਪੁੱਛਿਆ, ”ਉਹ ਕਿਮੇਂ ਬਈ?”
ਅਮਲੀ ਹੱਸ ਕੇ ਕਹਿੰਦਾ, ”ਸਾਰੀ ਦਿਹਾੜੀ ਭੰਨ ਕੇ ਰਪੀਆ ਤਾਂ ਦੋ ਹਜਾਰ ਮਿਲਿਆ, ਤਿੰਨ ਹਜਾਰ ਦਾ ਮਹਿੰਗੇ ਨੇ ਨਮਾਂ ਸ਼ੈਂਕਲ ਚਕਾ ਲਿਆ। ਘਰੇ ਗਏ ਨੂੰ ਵੱਡਾ ਮੁੰਡਾ ਮਹਿੰਗੇ ਦੇ ਗਲ ਪੈ ਗਿਆ। ਕਹਿੰਦਾ ‘ਕੱਲ੍ਹ ਨੂੰ ਸਕੂਟਰ ਲੈ ਜੀਂ ਖਬਰ੍ਹਾ ਵੀਹ ਹਜਾਰ ਈ ਮਿਲ ਜੇ। ਸ਼ੈਂਕਲ ਸਕੂਟਰ ਤਾਂ ਫ਼ੇਰ ਲੈ ਲਾਂ ਗੇ। ਇਉਂ ਬਾਬਾ ਮਹਿੰਗੇ ਨਾਲ ਹੋਈ।”
ਸੀਤਾ ਮਰਾਸੀ ਟਿੱਚਰ ‘ਚ ਬੋਲਿਆ, ”ਮਹਿੰਗੇ ਨੂੰ ਤਾਂ ਲੈਣ ‘ਚ ਖੜ੍ਹਣਾ ਮਹਿੰਗਾ ਈ ਪੈ ਗਿਆ ਫ਼ਿਰ ਹੈਂਅ?”
ਨੋਟਾਂ ਦੀਆਂ ਗੱਲਾਂ ਸੁਣ ਕੇ ਬਾਬਾ ਕਹਿੰਦਾ, ”ਨੋਟਾਂ ਦੀ ਤਾਂ ਅਮਲੀਆ ਤੂੰ ਸਣਾ ‘ਤੀ। ਹੁਣ ਵੋਟਾਂ ਦੀ ਵੀ ਸਣਾ ਕੋਈ।”
ਅਜੇ ਬਾਬੇ ਨੇ ਅਮਲੀ ਨੂੰ ਵੋਟਾਂ ਬਾਰੇ ਪੁੱਛਿਆ ਹੀ ਸੀ ਕਿ ਏਨੇ ਚਿਰ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ‘ਚੋਂ ਹੋਕਾ ਆ ਗਿਆ ਬਈ ‘ਸਿੱਧੂ ਪੱਤੀ ਦੀ ਧਰਮਸ਼ਾਲਾ ‘ਚ ਅੱਜ ਸ਼ਾਮ ਨੂੰ ਪੰਜ ਵਜੇ ਵੋਟਾਂ ਵਾਲਿਆਂ ਦਾ ‘ਕੱਠ ਐ। ਕਿਸੇ ਵੱਡੇ ਲੀਡਰ ਨੇ ਆਉਣੈ। ਸਭ ਮਾਈ ਭਾਈ ਸ਼ਾਮ ਨੂੰ ਧਰਮਸ਼ਾਲਾ ‘ਚ ਪਹੁੰਚਣ ਦੀ ਕ੍ਰਿਪਾਲਤਾ ਕਰਨ’।
ਹੋਕਾ ਸੁਣਦੇ ਸਾਰ ਹੀ ਨਾਥਾ ਅਮਲੀ ਬਾਬੇ ਚਿੰਤ ਸਿਉਂ ਨੂੰ ਕਹਿੰਦਾ, ”ਆ ਬਈ ਬਾਬਾ ਉੱਠ ਧਰਮਸਾਲਾ ਨੂੰ ਚੱਲੀਏ। ਓੱਥੋਂ ਪਤਾ ਲੱਗੂ ਹੁਣ ਕਿਹੜਾ ਕਿਹੜਾ ਵੋਟਾਂ ‘ਚ ਉੱਠਿਆ?”
ਜਿਉਂ ਹੀ ਨਾਥਾ ਅਮਲੀ ਧਰਮਸਾਲਾ ਨੂੰ ਜਾਣ ਵਾਸਤੇ ਸੱਥ ‘ਚੋਂ ਉੱਠਿਆ ਤਾਂ ਬਾਕੀ ਦੀ ਸੱਥ ਵੀ ਉੱਠ ਕੇ ਧਰਮਸਾਲਾ ਨੂੰ ਚੱਲ ਪਈ।















