ਭਿਆਨਕ ਭੂਚਾਲ ਦਾ ਕਹਿਰ: 16 ਲੋਕਾਂ ਦੀ ਮੌਤ ਤੇ 32 ਜ਼ਖ਼ਮੀ, ਤਿੱਬਤ ‘ਚ ਸੈਂਕੜੇ ਘਰ ਢਹਿ-ਢੇਰੀ

ਬੀਜਿੰਗ : ਚੀਨ ਦੇ ਤਿੱਬਤ ਖੇਤਰ ਵਿੱਚ ਵੀਰਵਾਰ ਸ਼ਾਮ ਨੂੰ ਆਏ 7.0 ਤੀਵਰਤਾ ਦੇ ਜ਼ੋਰਦਾਰ ਭੂਚਾਲ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖ਼ਮੀ ਹੋ ਗਏ। ਚੀਨੀ ਸਰਕਾਰੀ ਮੀਡੀਆ ਅਨੁਸਾਰ ਭੂਚਾਲ ਕਾਰਨ ਉੱਤਰੀ ਖੇਤਰੀ ਸ਼ਹਿਰ ਨਾਗਚੂ ਵਿੱਚ ਸੈਂਕੜੇ ਘਰ ਤਬਾਹ ਹੋ ਗਏ ਹਨ।
ਨਾਗਚੂ ਮੀਡੀਆ ਦਫ਼ਤਰ ਨੇ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਘੱਟੋ-ਘੱਟ 339 ਘਰਾਂ ਦੇ ਡਿੱਗਣ ਤੋਂ ਬਾਅਦ ਖੋਜ ਅਤੇ ਰਾਹਤ ਅਭਿਆਨ ਲਗਾਤਾਰ ਜਾਰੀ ਹੈ। ਜ਼ਖ਼ਮੀਆਂ ਵਿੱਚੋਂ 11 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ 21 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਭੂਚਾਲ ਕਾਰਨ ਬੇਘਰ ਹੋਏ ਲੋਕਾਂ ਨੂੰ ਆਸਰਾ ਦੇਣ ਲਈ ਪੁਲਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਵੱਲੋਂ ਟੈਂਟ ਲਗਾਏ ਜਾ ਰਹੇ ਹਨ।
ਚੀਨ ਦੇ ਸਰਕਾਰੀ ਪ੍ਰਸਾਰਕ ‘ਸੀਸੀਟੀਵੀ’ (CCTV) ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਇਸ ਖੇਤਰ ਵਿੱਚ ਆਇਆ ਇਹ ਸਭ ਤੋਂ ਵੱਡਾ ਭੂਚਾਲ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤ 10:33 ਵਜੇ ਆਇਆ। ਇਸ ਦਾ ਕੇਂਦਰ ਉੱਤਰੀ ਤਿੱਬਤ ਦੇ ਘੱਟ ਵਸੋਂ ਵਾਲੇ ਅਤੇ ਪਹਾੜੀ ਇਲਾਕੇ ਨਾਗਚੂ ਤੋਂ 191 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿੱਚ ਸੀ। ਅਮਰੀਕੀ ਏਜੰਸੀ ਨੇ ਭੂਚਾਲ ਦੀ ਡੂੰਘਾਈ 18 ਕਿਲੋਮੀਟਰ ਦੱਸੀ ਹੈ। ਹਾਲਾਂਕਿ, ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੂਆ’ ਨੇ ਚੀਨ ਅਰਥਕੁਏਕ ਨੈੱਟਵਰਕ ਸੈਂਟਰ ਦੇ ਹਵਾਲੇ ਨਾਲ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਦੱਸੀ ਹੈ। ਜ਼ਿਕਰਯੋਗ ਹੈ ਕਿ ਨਾਗਚੂ ਸ਼ਹਿਰ ਤਿੱਬਤ ਦੀ ਰਾਜਧਾਨੀ ਲ੍ਹਾਸਾ ਤੋਂ 300 ਕਿਲੋਮੀਟਰ ਤੋਂ ਵੱਧ ਉੱਤਰ ਵੱਲ ਸਥਿਤ ਹੈ।