ਕੇਰਲਮ ਦੇ ਸਾਬਕਾ CM ਵਿਜਯਨ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਰਿਸ਼ਵਤ ਮਾਮਲੇ ’ਚ ਪਟੀਸ਼ਨ ਖਾਰਜ

ਕੋਚੀ – ਕੇਰਲਮ ਦੇ ਸਾਬਕਾ ਮੁੱਖ ਮੰਤਰੀ ਪਿਨਰਾਈ ਵਿਜਯਨ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕੇਰਲ ਹਾਈ ਕੋਰਟ ਨੇ ਕਥਿਤ ਸੀ. ਐੱਮ. ਆਰ. ਐੱਲ ਰਿਸ਼ਵਤ ਮਾਮਲੇ ਵਿਚ ਐੱਫ. ਆਈ. ਆਰ. ਦਰਜ ਕਰਨ ਦੇ ਸਿੰਗਲ ਜੱਜ ਦੇ ਹੁਕਮ ਵਿਰੁੱਧ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ ਕੇ. ਨਟਰਾਜਨ ਅਤੇ ਜਸਟਿਸ ਜਾਨਸਨ ਜਾਨ ਦੀ ਬੈਂਚ ਨੇ ਸਿੰਗਲ ਜੱਜ ਦੇ 9 ਅਕਤੂਬਰ ਦੇ ਹੁਕਮ ਵਿਰੁੱਧ ਅਪੀਲ ਦਾਇਰ ਕਰਨ ਦੀ ਵਿਜਯਨ, ਉਨ੍ਹਾਂ ਦੀ ਬੇਟੀ ਵੀਣਾ ਟੀ. ਅਤੇ ਜਵਾਈ ਪੀ. ਏ. ਮੁਹੰਮਦ ਰਿਆਸ ਦੀ ਅਰਜ਼ੀ ਨੂੰ ਇਹ ਕਹਿ ਕੇ ਨਾਮਨਜ਼ੂਰ ਕਰ ਦਿੱਤਾ ਕਿ ਭ੍ਰਿਸ਼ਟਾਚਾਰ ਦੇ ਕਿਸੇ ਮਾਮਲੇ ਵਿਚ ਐੱਫ. ਆਈ. ਆਰ. ਦਰਜ ਹੋਣ ਤੋਂ ਪਹਿਲਾਂ ਮੁਲਜ਼ਮ ਨੂੰ ਸੁਣੇ ਜਾਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ।
ਬੈਂਚ ਨੇ ਕਿਹਾ ਕਿ ਅਰਜ਼ੀਆਂ ਖਾਰਜ ਹੋਣ ਕਾਰਨ ਉਨ੍ਹਾਂ ਦੀਆਂ ਅਪੀਲਾਂ ਵੀ ਆਪੇ ਖਾਰਜ ਹੋ ਜਾਂਦੀਆਂ ਹਨ। ਉਸ ਨੇ ਕਿਹਾ ਕਿ 9 ਅਕਤੂਬਰ ਦੇ ਹੁਕਮ ਨਾਲ ‘ਐੱਫ. ਆਈ. ਆਰ. ਦਰਜ ਕੀਤੇ ਜਾਣ ਵਿਰੁੱਧ ਬਿਨੈਕਾਰਾਂ ਦੇ ਸੰਵਿਧਾਨਕ ਅਤੇ ਕਾਨੂੰਨੀ ਰਾਹਤ ਮੰਗਣ ਦੇ ਅਧਿਕਾਰ ਪ੍ਰਭਾਵਿਤ ਨਹੀਂ ਹੋਏ ਹਨ।