ਕੋਚੀ – ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਨੇਤਾ ਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਵੱਡਾ ਝਟਕਾ ਲੱਗਾ ਹੈ। ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਵੀ. ਏ. ਸੀ. ਬੀ.) ਨੂੰ ਕੋਚੀਨ ਮਿਨਰਲਜ਼ ਐਂਡ ਰੂਟਾਈਲ ਲਿਮਟਿਡ (ਸੀ. ਐੱਮ. ਆਰ. ਐੱਲ.) ਨਾਲ ਜੁੜੇ ਇਕ ਕਥਿਤ ਰਿਸ਼ਵਤਖੋਰੀ ਦੇ ਮਾਮਲੇ ’ਚ ਉਨ੍ਹਾਂ ਤੇ ਹੋਰਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ ਐੱਫ. ਆਈ. ਆਰ. ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ।
ਅਦਾਲਤ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਤੋਂ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ ਅਪਰਾਧ ਕੀਤੇ ਜਾਣ ਦਾ ਪਤਾ ਲਗਦਾ ਹੈ। ਜਸਟਿਸ ਏ. ਬਦਰੂਦੀਨ ਨੇ ਕਿਹਾ ਕਿ ਈ. ਡੀ. ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ’ਚ ਵਿਜਯਨ, ਉਨ੍ਹਾਂ ਦੀ ਧੀ ਵੀਨਾ ਤੇ ਵੀਨਾ ਦੇ ਪਤੀ ਪੀ. ਏ. ਮੁਹੰਮਦ ਰਿਆਸ ਵੱਲੋਂ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ ਅਪਰਾਧਾਂ ਨੂੰ ਪਹਿਲੀ ਨਜ਼ਰੇ ਸਥਾਪਿਤ ਕਰਨ ਲਈ ਕਾਫ਼ੀ ਸਬੂਤ ਹਨ। ਪੀ. ਏ. ਮੁਹੰਮਦ ਸੀ. ਪੀ. ਆਈ.(ਐੱਮ) ਦੇ ਵਿਧਾਇਕ ਹਨ। ਅਦਾਲਤ ਨੇ ਕਿਹਾ ਕਿ ਜਦੋਂ ਦਰਜ ਕੀਤੇ ਗਏ ਬਿਆਨਾਂ ਤੇ ਪ੍ਰਾਪਤ ਦਸਤਾਵੇਜ਼ਾਂ ਸਮੇਤ ਉਪਲਬਧ ਜਾਣਕਾਰੀ ਭ੍ਰਿਸ਼ਟਾਚਾਰ ਰੋਕਥਾਮ ਐਕਟ ਅਧੀਨ ਅਪਰਾਧਾਂ ਦੇ ਕੀਤੇ ਜਾਣ ਦਾ ਖੁਲਾਸਾ ਕਰਦੀ ਹੈ ਤਾਂ ਇਸ ਮਾਮਲੇ ’ਚ ਕੋਈ ਹੋਰ ਮੁੱਢਲੀ ਜਾਂਚ ਕਰਨੀ ਪੂਰੀ ਤਰ੍ਹਾਂ ਬੇਲੋੜੀ ਹੈ।















