ਮੈਨੂੰ ਸਮੁੰਦਰ ’ਚ ਉਦੋਂ ਤੈਰਨਾ ਪਸੰਦ ਹੈ, ਜਦੋਂ ਲਹਿਰਾਂ ਤੇਜ਼ ਹੋਣ : ਰਾਹੁਲ ਗਾਂਧੀ

ਨਵੀਂ ਦਿੱਲੀ – ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਰਹੱਸਮਈ ਪੋਸਟ ’ਚ ਕਿਹਾ ਕਿ ਉਨ੍ਹਾਂ ਨੂੰ ਸਮੁੰਦਰ ਦੀਆਂ ਉੱਛਲਦੀਆਂ ਲਹਿਰਾਂ ’ਚ ਤੈਰਨਾ ਪਸੰਦ ਹੈ, ਕਿਉਂਕਿ ਇਹ ਤੁਹਾਨੂੰ ਸਿਖਾਉਂਦਾ ਹੈ ਕਿ ਉਥਲ-ਪੁਥਲ ਵੀ ਇਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਹੀ ਹੈ। ਰਾਹੁਲ ਨੇ ‘ਐਕਸ’ ’ਤੇ ਇਕ ਪੋਸਟ ’ਚ ਬਿਨਾਂ ਕੋਈ ਸੰਦਰਭ ਜਾਂ ਵੇਰਵਾ ਦਿੱਤੇ ਹੋਏ ਲਿਖਿਆ, ‘‘ਮੈਨੂੰ ਸਮੁੰਦਰ ’ਚ ਉਦੋਂ ਤੈਰਨਾ ਪਸੰਦ ਹੈ, ਜਦੋਂ ਲਹਿਰਾਂ ਤੇਜ਼ ਹੋਣ। ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਉਥਲ-ਪੁਥਲ ਵੀ ਸ਼ਾਂਤੀ ਦਾ ਹੀ ਇਕ ਰੂਪ ਹੈ।’’
ਇਹ ਪੋਸਟ ਅੰਗਰੇਜ਼ੀ ਦੀ ਇਕ ਅਖਬਾਰ ’ਚ 23 ਸਤੰਬਰ ਨੂੰ ਛਪੀ ਉਸ ਖਬਰ ਨੂੰ ਲੈ ਕੇ ਮਚੇ ਸਿਆਸੀ ਹੰਗਾਮੇ ਵਿਚਾਲੇ ਆਈ ਹੈ, ਜਿਸ ’ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨਰਾਂ (ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ) ਨੇ ਵੋਟਰ ਸੂਚੀਆਂ ਦੇ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ਨਾਲ ਜੁੜੇ ਮੁੱਦਿਆਂ ’ਤੇ ਵਾਰ-ਵਾਰ ਸਵਾਲ ਉਠਾਏ ਸਨ। ਰਾਹੁਲ ਨੇ ਪਿਛਲੇ ਸਾਲ ‘ਵੋਟ ਚੋਰੀ’ ਦਾ ਮੁੱਦਾ ਉਠਾਇਆ ਸੀ ਅਤੇ ਚੋਣਾਂ ’ਚ ਗੜਬੜੀ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਮੀਡੀਆ ਰਿਪੋਰਟ ਨੇ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ।