ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਾਰਕੋ ਰੂਬੀਓ ਨਾਲ ਕੀਤੀ ਮੁਲਾਕਾਤ ! ‘ਪਾਬੰਦੀਆਂ’ ਵਾਲੇ ਕਾਨੂੰਨ ‘ਤੇ ਕੀਤੀ ਗੰਭੀਰ ਚਰਚਾ

ਇੰਟਰਨੈਸ਼ਨਲ ਡੈਸਕ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐੱਨ.ਜੀ.ਏ.) ਦੇ ਸੈਸ਼ਨ ਤੋਂ ਪਹਿਲਾਂ ਅਮਰੀਕਾ ਦੇ ਆਪਣੇ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਅਤੇ ਰੂਸ ਤੇ ਇਰਾਨ ’ਤੇ ਪਾਬੰਦੀਆਂ ਲਾਉਣ ਵਾਲੇ ਅਮਰੀਕੀ ਕਾਨੂੰਨ ਨੂੰ ਲੈ ਕੇ ਨਵੀਂ ਦਿੱਲੀ ਦੀਆਂ ਚਿੰਤਾਵਾਂ ’ਤੇ ਚਰਚਾ ਕੀਤੀ ਗਈ।
ਜੈਸ਼ੰਕਰ ਐਤਵਾਰ ਨੂੰ ਨਿਊਯਾਰਕ ਪਹੁੰਚੇ ਸਨ। ਉਹ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਲਈ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ। ਮੀਟਿੰਗ ਤੋਂ ਬਾਅਦ ਜੈਸ਼ੰਕਰ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਸੰਯੁਕਤ ਰਾਸ਼ਟਰ ਮਹਾਸਭਾ (ਸੈਸ਼ਨ) ਤੋਂ ਵੱਖ ਮਿਲ ਕੇ ਚੰਗਾ ਲੱਗਾ। ਐੱਸ. ਆਰ. ਆਈ. ਏ. (ਰੂਸ ਅਤੇ ਇਰਾਨ ’ਤੇ ਪਾਬੰਦੀਆਂ ਲਾਉਣ ਵਾਲਾ ਕਾਨੂੰਨ) ਦੇ ਸਬੰਧ ਵਿਚ ਭਾਰਤ ਦੇ ਹਿੱਤਾਂ ਅਤੇ ਚਿੰਤਾਵਾਂ ਨੂੰ ਦੁਹਰਾਇਆ। ਨਾਲ ਹੀ ਖਾੜੀ ਅਤੇ ਯੂਕ੍ਰੇਨ ਦੀਆਂ ਸਥਿਤੀਆਂ ’ਤੇ ਵੀ ਚਰਚਾ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ‘ਲਿੰਡਸੇ ਓ. ਗ੍ਰਾਹਮ ਰੂਸ ਅਤੇ ਇਰਾਨ ’ਤੇ ਪਾਬੰਦੀਆਂ ਲਾਉਣ ਵਾਲਾ ਕਾਨੂੰਨ 2026 ’ਤੇ ਦਸਤਖ਼ਤ ਕੀਤੇ ਸਨ।
ਜ਼ਿਕਰਯੋਗ ਹੈ ਕਿ ਇਹ ਕਾਨੂੰਨ ਉਨ੍ਹਾਂ ਨੂੰ ਚੀਨ ਅਤੇ ਭਾਰਤ ਸਮੇਤ ਰੂਸੀ ਤੇਲ ਅਤੇ ਗੈਸ ਖ਼ਰੀਦਣ ਵਾਲੇ ਦੇਸ਼ਾਂ ’ਤੇ 100 ਫੀਸਦੀ ਤੱਕ ਟੈਕਸ ਲਾਉਣ ਦਾ ਅਧਿਕਾਰ ਦਿੰਦਾ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਉਹ ਆਪਣੇ ਆਰਥਿਕ ਹਿੱਤਾਂ ਦੀ ਰਾਖੀ ਅਤੇ ਦੇਸ਼ ਲਈ ਊਰਜਾ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਉਠਾਏਗਾ। ਜੈਸ਼ੰਕਰ ਨਾਲ ਮੀਟਿੰਗ ਤੋਂ ਬਾਅਦ ਰੂਬੀਓ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਮੁੱਖ ਖੇਤਰੀ ਤਰਜੀਹਾਂ ’ਤੇ ਤਾਲਮੇਲ ਬਣਾ ਰਹੇ ਹਨ। ਰੂਬੀਓ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਅੱਜ ਨਿਊਯਾਰਕ ਵਿਚ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮਿਲ ਕੇ ਬਹੁਤ ਚੰਗਾ ਲੱਗਾ।
ਰੂਬੀਓ ਨੇ ਕਿਹਾ ਕਿ ਅਸੀਂ ਮਿਲ ਕੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾ ਰਹੇ ਹਾਂ ਅਤੇ ਮੁੱਖ ਖੇਤਰੀ ਤਰਜੀਹਾਂ ਤੇ ਆਗਾਮੀ ਬਹੁਪੱਖੀ ਯਤਨਾਂ ’ਤੇ ਤਾਲਮੇਲ ਬਣਾ ਰਹੇ ਹਾਂ। ਦੋਵਾਂ ਨੇਤਾਵਾਂ ਨੇ ਇਸ ਸਾਲ ਜੁਲਾਈ ਵਿਚ ਮਨੀਲਾ ਵਿਚ ਵੀ ਮੁਲਾਕਾਤ ਕੀਤੀ ਸੀ ਅਤੇ ਵਪਾਰ, ਟੈਰਿਫ਼, ਊਰਜਾ, ਰੱਖਿਆ, ਮਹੱਤਵਪੂਰਨ ਖਣਿਜਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਤਰਜੀਹੀ ਖੇਤਰਾਂ ’ਤੇ ਚਰਚਾ ਕੀਤੀ ਸੀ। ਮਨੀਲਾ ਮੀਟਿੰਗ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਉਹ ਭਾਰਤ-ਅਮਰੀਕਾ ਵਿਚਾਲੇ ਅੰਤ੍ਰਿੰਮ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਮਹੱਤਵ ’ਤੇ ਸਹਿਮਤ ਹੋਏ ਸਨ।