ਭੂਚਾਲ ਦੇ 2 ਝਟਕਿਆਂ ਨਾਲ ਕੰਬਿਆ ਨੇਪਾਲ

ਕਾਠਮੰਡੂ – ਭਿਆਨਕ ਹੜ੍ਹ ਦੀ ਆਫ਼ਤ ਨਾਲ ਜੂਝ ਰਹੇ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉੱਤਰ-ਪੱਛਮੀ ਨੇਪਾਲ ਵਿੱਚ ਬੁੱਧਵਾਰ ਨੂੰ ਲਗਾਤਾਰ ਦੋ ਭੂਚਾਲ ਆਏ । ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਹਾਲਾਂਕਿ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਰਾਸ਼ਟਰੀ ਭੂਚਾਲ ਖੋਜ ਕੇਂਦਰ ਦੇ ਅਨੁਸਾਰ 4.5 ਤੀਬਰਤਾ ਦਾ ਪਹਿਲਾ ਭੂਚਾਲ ਸਵੇਰੇ 1:51 ਵਜੇ (ਸਥਾਨਕ ਸਮੇਂ) ਦਰਜ ਕੀਤਾ ਗਿਆ। ਕੇਂਦਰ ਨੇ ਕਿਹਾ ਕਿ 4.2 ਦੀ ਤੀਬਰਤਾ ਵਾਲਾ ਦੂਜਾ ਭੂਚਾਲ ਸਵੇਰੇ 4:28 ਵਜੇ (ਸਥਾਨਕ ਸਮੇਂ) ਆਇਆ, ਜਿਸਦਾ ਕੇਂਦਰ ਵੀ ਮੁਗੂ ਜ਼ਿਲ੍ਹੇ ਦੇ ਕਲਾਈ ਦੇ ਆਲੇ-ਦੁਆਲੇ ਸੀ। ਇਹ ਝਟਕਾ ਗੁਆਂਢੀ ਜ਼ਿਲ੍ਹਿਆਂ ਡੋਲਪਾ ਅਤੇ ਜੁਮਲਾ ਵਿੱਚ ਵੀ ਮਹਿਸੂਸ ਕੀਤਾ ਗਿਆ। ਹਾਲਾਂਕਿ ਭੂਚਾਲਾਂ ਕਾਰਨ ਹੋਏ ਕਿਸੇ ਵੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ।
ਨੇਪਾਲ ਜੋ ਭੂਚਾਲ ਦੇ ਤੌਰ ‘ਤੇ ਐਕਟਿਵ ਜ਼ੋਨ ਵਿੱਚ ਸਥਿਤ ਹੈ, ਅਕਸਰ ਇੱਥੇ ਭੂਚਾਲ ਆਉਂਦੇ-ਰਹਿੰਦੇ ਹਨ। ਇਹ ਖੇਤਰ ਅਲਰਟ ‘ਤੇ ਹੈ, ਅਧਿਕਾਰੀ ਪ੍ਰਭਾਵਿਤ ਖੇਤਰਾਂ ਵਿੱਚ ਕਿਸੇ ਵੀ ਝਟਕੇ ਜਾਂ ਸੰਭਾਵੀ ਢਾਂਚਾਗਤ ਨੁਕਸਾਨ ਦੀ ਨਿਗਰਾਨੀ ਕਰ ਰਹੇ ਹਨ।