‘ਦਾਜ ਕੇਸ ‘ਚ 60-90 ਦਿਨਾਂ ‘ਚ ਚਾਰਜਸ਼ੀਟ ਦੀ ਹੋਵੇ ਕੋਸ਼ਿਸ਼’, ਸੁਪਰੀਮ ਕੋਰਟ ਨੇ ਜਾਰੀ ਕੀਤੇ ਨਿਰਦੇਸ਼

ਨਵੀਂ ਦਿੱਲੀ- ਦਾਜ ਉਤਪੀੜਨ ਅਤੇ ਦਾਜ ਮੌਤ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਹੁਣ ਜਲਦੀ ਕਰਵਾਉਣ ਦੀ ਕੋਸ਼ਿਸ਼ ਹੋਵੇਗੀ। ਸੁਪਰੀਮ ਕੋਰਟ ਨੇ ਟ੍ਰਾਇਲ ਕੋਰਟ ਨੂੰ ਕਿਹਾ ਹੈ ਕਿ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਦੋਸ਼ੀ ਦੀ ਜਲਦ ਪੇਸ਼ੀ ਯਕੀਨੀ ਕੀਤੀ ਜਾਵੇ ਅਤੇ ਆਮ ਤੌਰ ‘ਤੇ 60 ਤੋਂ 90 ਦਿਨਾਂ ਦੇ ਅੰਦਰ ਦੋਸ਼ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਦੋਸ਼ ਤੈਅ ਹੋਣ ਤੋਂ ਬਾਅਦ ਗਵਾਹੀ ਵੀ ਜਲਦ ਸ਼ੁਰੂ ਹੋਵੇ ਅਤੇ ਸੰਭਵ ਹੋਵੇ ਤਾਂ ਲਗਾਤਾਰ, ਦਿਨ-ਪ੍ਰਤੀ ਦਿਨ ਦਰਜ ਕੀਤੀ ਜਾਵੇ।
ਜਸਟਿਸ ਸੰਜੇ ਕਰੋਲ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ 20 ਅਗਸਤ ਨੂੰ 15 ਦਸੰਬਰ 2025 ਦੇ ਆਪਣੇ ਫੈਸਲੇ ਦੀ ਪਾਲਣਾ ‘ਤੇ ਸੁਣਵਾਈ ਦੌਰਾਨ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਹਾਈ ਕੋਰਟ ਨੂੰ ਇਹ ਨਿਰਦੇਸ਼ ਦਿੱਤੇ। ਕੋਰਟ ਨੇ ਕਿਹਾ ਕਿ ਆਈਪੀਸੀ ਦੀ ਧਾਰਾ 304-B (ਦਾਜ ਮੌਤ) ਅਤੇ 498-A (ਦਾਜ ਉਤਪੀੜਨ) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 80 ਅਤੇ 85 ਦੇ ਅਧੀਨ ਆਉਣ ਵਾਲੇ ਮਾਮਲਿਆਂ ਨੂੰ, ਜਿੱਥੇ ਤੱਕ ਸੰਭਵ ਹੋਵੇ, ਪਹਿਲ ਤੇ ਕੇ ਤੇਜ਼ੀ ਨਾਲ ਨਿਪਟਾਇਆ ਜਾਵੇ।
ਜ਼ਿਲ੍ਹਾ ਅਦਾਲਤਾਂ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਪੈਂਡਿੰਗ ਮਾਮਲਿਆਂ ਦੀ ਪਛਾਣ ਕਰਨ। ਖ਼ਾਸ ਕਰ ਕੇ ਉਨ੍ਹਾਂ ਮਾਮਲਿਆਂ ‘ਤੇ ਧਿਆਨ ਦਿੱਤਾ ਜੇਵ, ਜੋ ਦੋਸ਼ ਤੈਅ ਹੋਣ ਜਾਂ ਗਵਾਹੀ ਦਰਜ ਹੋਣ ਦੇ ਪੜਾਅ ‘ਚ ਅਟਕੇ ਹਨ। ਇਨ੍ਹਾਂ ਦੀ ਹਰ ਮਹੀਨੇ ਜਾਂ ਤਿੰਨ ਮਹੀਨਿਆਂ ‘ਚ ਸਮੀਖਿਆ ਕੀਤੀ ਜਾਵੇ। ਕੋਰਟ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਚੱਲੇ ਅਤੇ ਇਹ ਸਕੂਲਾਂ ਦੇ ਪਾਠਕ੍ਰਾਮ ‘ਚ ਵੀ ਹੋਵੇ।