ਜਲੰਧਰ ਮੀਂਹ ਅਤੇ ਹੁੰਮਸ ਦੇ ਮੌਸਮ ‘ਚ ਤਾਪਮਾਨ ਵਿਚ ਉਤਾਰਅ-ਚੜ੍ਹਾਅ ਅਤੇ ਥਾਂ-ਥਾਂ ਪਾਣੀ ਜਮ੍ਹਾ ਹੋਣ ਕਾਰਨ ਵੱਖ-ਵੱਖ ਮੌਸਮੀ ਬੀਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਡਾਕਟਰਾਂ ਮੁਤਾਬਕ ਇਸ ਮੌਸਮ ਵਿਚ ਡੇਂਗੂ, ਮਲੇਰੀਆ, ਚਿਕਨਗੁਨੀਆ, ਵਾਇਰਲ ਬੁਖ਼ਾਰ, ਟਾਈਫਾਈਡ, ਗੈਸਟ੍ਰੋਐਂਟੇਰਾਈਟਿਸ ਅਤੇ ਚਮੜੀ ਨਾਲ ਸਬੰਧਤ ਫੰਗਲ ਇਨਫੈਕਸ਼ਨ ਦੇ ਮਾਮਲੇ ਵਧ ਸਕਦੇ ਹਨ। ਮੱਛਰਾਂ ਲਈ ਅਨੁਕੂਲ ਮਾਹੌਲ ਬਣਨ ਕਾਰਨ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਵਿਸ਼ੇਸ਼ ਸਾਵਧਾਨੀ ਵਰਤਣੀ ਜ਼ਰੂਰੀ ਹੈ।
ਸਿਹਤ ਮਾਹਿਰਾਂ ਮੁਤਾਬਕ ਡੇਂਗੂ ‘ਚ ਤੇਜ਼ ਬੁਖ਼ਾਰ, ਸਿਰਦਰਦ, ਸਰੀਰ ਅਤੇ ਜੋੜਾਂ ‘ਚ ਤੇਜ਼ ਦਰਦ, ਅੱਖਾਂ ਦੇ ਪਿੱਛੇ ਦਰਦ ਅਤੇ ਕਈ ਵਾਰ ਚਮੜੀ ‘ਤੇ ਧੱਬੇ ਵਿਖਾਈ ਦੇ ਸਕਦੇ ਹਨ। ਚਿਕਨਗੁਨੀਆ ਵਿਚ ਬੁਖ਼ਾਰ ਦੇ ਨਾਲ ਜੋੜਾਂ ਵਿਚ ਦਰਦ ਅਤੇ ਆਕੜਨ ਮੁੱਖ ਲੱਛਣ ਹੋ ਸਕਦੇ ਹਨ, ਜਦਕਿ ਮਲੇਰੀਆ ਵਿਚ ਬੁਖ਼ਾਰ ਦੇ ਨਾਲ ਠੰਢ ਲੱਗਣਾ ਅਤੇ ਪਸੀਨਾ ਆਉਣਾ ਵੇਖਿਆ ਜਾਂਦਾ ਹੈ। ਉਥੇ ਹੀ ਦੂਸ਼ਿਤ ਪਾਣੀ ਅਤੇ ਭੋਜਨ ਕਾਰਨ ਦਸਤ, ਉਲਟੀ, ਪੇਟ ਦਰਦ ਅਤੇ ਪੇਟ ਨਾਲ ਸਬੰਧਤ ਹੋਰ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਟੈਗੋਰ ਹਸਪਤਾਲ ਦੇ ਚੇਅਰਮੈਨ ਡਾ. ਵਿਜੇ ਮਹਾਜਨ ਨੇ ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਪਾਣੀ ਪੀਣ, ਖੁੱਲ੍ਹੇ ਵਿਚ ਰੱਖੀਆਂ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਕੱਟੇ ਹੋਏ ਫਲਾਂ ਤੋਂ ਬਚਣ ਅਤੇ ਭੋਜਨ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣ ਦੀ ਸਲਾਹ ਦਿੱਤੀ ਹੈ। ਡਾ. ਮਹਾਜਨ ਨੇ ਕਿਹਾ ਕਿ ਹੁੰਮਸ ਕਾਰਨ ਚਮੜੀ ‘ਤੇ ਫੰਗਲ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਜਾਂਦਾ ਹੈ। ਡਾਕਟਰਾਂ ਨੇ ਸਰੀਰ ਅਤੇ ਚਮੜੀ ਦੀਆਂ ਤਹਿਆਂ ਨੂੰ ਸੁੱਕਾ ਰੱਖਣ, ਪਸੀਨੇ ਵਾਲੇ ਕੱਪੜੇ ਤੁਰੰਤ ਬਦਲਣ ਅਤੇ ਨਿੱਜੀ ਸਫ਼ਾਈ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੀਂਹ ਦੌਰਾਨ ਘਰਾਂ ਦੇ ਆਲੇ-ਦੁਆਲੇ ਪਾਣੀ ਦੇ ਖੜ੍ਹਨ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਮੱਛਰਾਂ ਦੀ ਰੋਕਥਾਮ ਲਈ ਨਿਯਮਿਤ ਰੂਪ ਵਿਚ ਸਾਫ਼-ਸਫ਼ਾਈ ਕਰਨ।















