ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਉਸ ਸਮੇਂ ਖੂਨੀ ਵਾਰਦਾਤ ਵਾਪਰ ਗਈ, ਜਦੋਂ ਇਕ ਜੀਜੇ ਨੇ ਆਪਣੇ ਹੀ ਸਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰਕ ਝਗੜੇ ਕਾਰਨ ਜੀਜੇ ਨੇ ਇਸ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ, ਜਦੋਂ ਉਸ ਦਾ ਸਾਲਾ ਦੁਕਾਨ ‘ਤੇ ਬੈਠਾ ਹੋਇਆ ਸੀ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਸਾਲੇ ਦੀ ਪਛਾਣ ਦੇਵੇਂਦਰ ਯਾਦਵ ਵਜੋਂ ਹੋਈ ਹੈ।
ਇਹ ਘਟਨਾ ਕੋਹਦੌਰ ਥਾਣਾ ਖੇਤਰ ਦੇ ਮਦਫਰਪੁਰ ਬਾਜ਼ਾਰ ਵਿੱਚ ਵਾਪਰੀ ਹੈ, ਜਿੱਥੇ ਮਦੱਫਰਪੁਰ ਦਾ ਰਹਿਣ ਵਾਲਾ ਦੇਵੇਂਦਰ ਯਾਦਵ ਆਪਣੇ ਮੈਡੀਕਲ ਸਟੋਰ ‘ਤੇ ਆਮ ਵਾਂਗ ਦਵਾਈਆਂ ਵੇਚ ਰਿਹਾ ਸੀ। ਉਸੇ ਵੇਲੇ ਉਸਦਾ ਜੀਜਾ ਕਪਿਲ ਉਥੇ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਕਪਿਲ ਪੂਰੀ ਤਿਆਰੀ ਨਾਲ ਆਇਆ ਸੀ ਅਤੇ ਉਸ ਨੇ ਬੁਲੇਟਪਰੂਫ ਜੈਕੇਟ ਪਾਈ ਹੋਈ ਸੀ। ਦੁਕਾਨ ਵਿੱਚ ਦਾਖਲ ਹੁੰਦੇ ਹੀ, ਉਸਨੇ ਬਿਨਾਂ ਕੁਝ ਸੋਚ-ਵਿਚਾਰ ਕੀਤੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਦੇਵੇਂਦਰ ‘ਤੇ ਕਈ ਗੋਲੀਆਂ ਚਲਾ ਦਿੱਤੀਆਂ। ਦਿਨ-ਦਿਹਾੜੇ ਹੋਈ ਇਸ ਗੋਲੀਬਾਰੀ ਨੇ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਗੋਲੀ ਲੱਗਦੇ ਹੀ ਦੇਵੇਂਦਰ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਹਿੰਮਤ ਜੁਟਾ ਲਈ ਅਤੇ ਭੱਜ ਰਹੇ ਦੋਸ਼ੀ ਕਪਿਲ ਨੂੰ ਫੜ ਲਿਆ। ਗੁੱਸੇ ਵਿੱਚ ਆ ਕੇ ਭੀੜ ਨੇ ਉਸਨੂੰ ਕੁੱਟਿਆ ਅਤੇ ਫਿਰ ਪੁਲਸ ਦੇ ਹਵਾਲੇ ਕਰ ਦਿੱਤਾ। ਦੂਜੇ ਪਾਸੇ ਗੰਭੀਰ ਰੂਪ ਵਿੱਚ ਜ਼ਖਮੀ ਦੇਵੇਂਦਰ ਨੂੰ ਤੁਰੰਤ ਮੈਡੀਕਲ ਕਾਲਜ ਲਿਜਾਇਆ ਗਿਆ ਪਰ ਡਾਕਟਰਾਂ ਦੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਵਾਰਦਾਤ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ। ਦੋਸ਼ੀ ਕਪਿਲ ਦਾ ਕੁਝ ਸਮੇਂ ਤੋਂ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਉਸਦੇ ਸਾਲੇ ਦੇਵੇਂਦਰ ਨਾਲ ਵੀ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਇਸ ਗੁੱਸੇ ਕਾਰਨ ਉਸਨੇ ਆਪਣੇ ਸਾਲੇ ਦਾ ਕਤਲ ਕਰਨ ਦੀ ਸਾਜ਼ਿਸ਼ ਰਚੀ।
ਪੁਲਸ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਪਿਲ ਇੱਕ ਸੇਵਾਮੁਕਤ ਸਿਪਾਹੀ ਹੈ। ਇਸ ਸਮੇਂ ਸੁਲਤਾਨਪੁਰ ਜ਼ਿਲ੍ਹਾ ਹਸਪਤਾਲ ਵਿੱਚ ਗਾਰਡ ਵਜੋਂ ਤਾਇਨਾਤ ਹੈ। ਉਸਨੇ ਅਪਰਾਧ ਵਿੱਚ ਉਹੀ ਲਾਇਸੈਂਸੀ ਪਿਸਤੌਲ ਵਰਤਿਆ, ਜੋ ਉਸਨੂੰ ਗਾਰਡ ਦੀ ਨੌਕਰੀ ਦੇ ਸੰਬੰਧ ਵਿੱਚ ਮਿਲਿਆ ਸੀ। ਕਤਲ ਦੀ ਖ਼ਬਰ ਮਿਲਦੇ ਹੀ ਪ੍ਰਤਾਪਗੜ੍ਹ ਦੇ ਪੁਲਸ ਸੁਪਰਡੈਂਟ ਦੀਪਕ ਭੂਕਰ ਭਾਰੀ ਪੁਲਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ। ਐਸਪੀ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅਪਰਾਧ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰ ਲਈ ਗਈ ਹੈ। ਪਰਿਵਾਰਕ ਝਗੜੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।















