ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦਾ ਸਾਥ ਦੇਣ ਵਾਲੇ ਦੇਸ਼ਾਂ ਨੂੰ ਸਿੱਧੇ ਅਤੇ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਹੈ। ਉਨ੍ਹਾਂ ਸਾਫ਼ ਕਿਹਾ ਹੈ ਕਿ ਜੇਕਰ ਕਿਸੇ ਵੀ ਦੇਸ਼ ਨੇ ਈਰਾਨ ਨੂੰ ਕੋਈ ਆਰਥਿਕ ਮਦਦ ਜਾਂ ਸਾਮਾਨ ਪਹੁੰਚਾਇਆ, ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਅਮਰੀਕਾ ਹੁਣ ਤੱਕ ਦੀ ਸਭ ਤੋਂ ਵੱਡੀ ਆਰਥਿਕ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ, ਜਿਸ ਦਾ ਮੁੱਖ ਮਕਸਦ ਈਰਾਨ ਦੇ ਕੌਮਾਂਤਰੀ ਰਸਤੇ ਬੰਦ ਕਰਨਾ ਹੈ।
ਟਰੂਥ ਸੋਸ਼ਲ ‘ਤੇ ਪੋਸਟ ਰਾਹੀਂ ਦਿੱਤੀ ਚਿਤਾਵਨੀ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਈਰਾਨ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਵਾਲੇ ਦੇਸ਼ ਇਸ ਕਾਰਵਾਈ ਤੋਂ ਬਚ ਨਹੀਂ ਸਕਣਗੇ। ਉਨ੍ਹਾਂ ਮੁਤਾਬਕ, ਜੇਕਰ ਕਿਸੇ ਦੇਸ਼ ਦੀਆਂ ਵਿੱਤੀ ਸੰਸਥਾਵਾਂ, ਨਿੱਜੀ ਕੰਪਨੀਆਂ, ਹਵਾਈ ਅੱਡੇ ਜਾਂ ਕੋਈ ਸਰਕਾਰੀ ਏਜੰਸੀਆਂ ਈਰਾਨ ਦੀ ਮਦਦ ਲਈ ਰਸਤਾ ਖੋਲ੍ਹਦੀਆਂ ਹਨ, ਤਾਂ ਉਨ੍ਹਾਂ ਨੂੰ ਵੀ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ। ਹਾਲਾਂਕਿ, ਆਪਣੀ ਇਸ ਚਿਤਾਵਨੀ ਵਿੱਚ ਟਰੰਪ ਨੇ ਕਿਸੇ ਵੀ ਦੇਸ਼ ਦਾ ਨਾਂ ਨਹੀਂ ਲਿਆ ਹੈ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਹੈ ਕਿ ਮਦਦ ਕਰਨ ਵਾਲੇ ਦੇਸ਼ਾਂ ਜਾਂ ਕੰਪਨੀਆਂ ਵਿਰੁੱਧ ਅਮਰੀਕਾ ਕਿਸ ਤਰ੍ਹਾਂ ਦੀ ਕਾਰਵਾਈ ਕਰੇਗਾ।
ਇਨ੍ਹਾਂ ਚੀਜ਼ਾਂ ‘ਤੇ ਰਹੇਗੀ ਅਮਰੀਕਾ ਦੀ ਤਿੱਖੀ ਨਜ਼ਰ
ਟਰੰਪ ਨੇ ਈਰਾਨ ਦੀ ਮਦਦ ਕੀਤੇ ਜਾਣ ਵਾਲੇ ਕੁਝ ਖ਼ਾਸ ਤਰੀਕਿਆਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ‘ਤੇ ਅਮਰੀਕਾ ਵੱਲੋਂ ਤਿੱਖੀ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਵਿੱਚ ਤੇਲ ਦੀ ਸਮੱਗਲਿੰਗ (ਤਸਕਰੀ), ਵਿੱਤੀ ਲੈਣ-ਦੇਣ, ਨਕਦ ਪੈਸੇ ਦਾ ਤਬਾਦਲਾ (ਟ੍ਰਾਂਸਫਰ), ਐਕਸਚੇਂਜ ਹਾਊਸ, ਜਹਾਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਦੂਜੀਆਂ ਕੰਪਨੀਆਂ ਦੇ ਨਾਂ ‘ਤੇ ਕਾਰੋਬਾਰ ਕਰਨਾ ਸ਼ਾਮਲ ਹਨ। ਟਰੰਪ ਨੇ ਸਪੱਸ਼ਟ ਕੀਤਾ ਕਿ ਈਰਾਨ ਤੱਕ ਪਹੁੰਚਣ ਵਾਲੀ ਅਜਿਹੀ ਹਰ ਤਰ੍ਹਾਂ ਦੀ ਆਰਥਿਕ ਮਦਦ ਨੂੰ ਤੁਰੰਤ ਰੋਕਣਾ ਹੋਵੇਗਾ ਅਤੇ ਜੋ ਵੀ ਦੇਸ਼ ਜਾਂ ਸੰਸਥਾ ਈਰਾਨ ਲਈ ਆਰਥਿਕ ਰਸਤਾ ਖੁੱਲ੍ਹਾ ਰੱਖੇਗੀ, ਅਮਰੀਕਾ ਉਸ ‘ਤੇ ਸਖ਼ਤ ਨਜ਼ਰ ਰੱਖੇਗਾ।
ਈਰਾਨ ਨੇ ਸਮਝੌਤੇ ਦੇ ਕਈ ਮੌਕੇ ਗੁਆਏ
ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਪਹਿਲਾਂ ਈਰਾਨ ਨੂੰ ਸਮਝੌਤਾ ਕਰਨ ਦੇ ਕਈ ਮੌਕੇ ਦਿੱਤੇ ਸਨ, ਪਰ ਤਹਿਰਾਨ ਨੇ ਇਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਇਸੇ ਕਾਰਨ ਹੁਣ ਅਮਰੀਕਾ ਈਰਾਨ ‘ਤੇ ਆਰਥਿਕ ਦਬਾਅ ਹੋਰ ਵਧਾਉਣ ਜਾ ਰਿਹਾ ਹੈ। ਉਨ੍ਹਾਂ ਨੇ ਇਸ ਮੁਹਿੰਮ ਨੂੰ ਬੇਮਿਸਾਲ ਪੱਧਰ ਦੀ ਆਰਥਿਕ ਲੜਾਈ ਅਤੇ ਅਲਹਿਦਗੀ (isolation) ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਈਰਾਨ ਨੂੰ ਕੌਮਾਂਤਰੀ ਆਰਥਿਕ ਪ੍ਰਣਾਲੀ ਤੋਂ ਵੱਖ ਕਰਨ ਵਿੱਚ ਅਮਰੀਕਾ ਦਾ ਸਾਥ ਦੇਣ।
ਪਰਮਾਣੂ ਹਥਿਆਰ ਕਿਸੇ ਵੀ ਹਾਲ ‘ਚ ਨਹੀਂ ਬਣਨ ਦਿੱਤੇ ਜਾਣਗੇ
ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਦੀ ਆਰਥਿਕਤਾ ਪਹਿਲਾਂ ਹੀ ਭਾਰੀ ਦਬਾਅ ਹੇਠ ਹੈ ਅਤੇ ਅਮਰੀਕਾ ਦੇ ਇਹ ਨਵੇਂ ਕਦਮ ਉਸ ਦੀ ਕਮਰ ਤੋੜ ਕੇ ਰੱਖ ਦੇਣਗੇ। ਇਸ ਨਾਲ ਈਰਾਨ ਲਈ ਦੁਨੀਆ ਭਰ ਵਿੱਚ ਵਪਾਰ ਕਰਨਾ ਬੇਹੱਦ ਮੁਸ਼ਕਲ ਹੋ ਜਾਵੇਗਾ। ਆਪਣੀ ਗੱਲ ਖ਼ਤਮ ਕਰਦਿਆਂ ਉਨ੍ਹਾਂ ਨੇ ਮੁੜ ਦੁਹਰਾਇਆ ਕਿ ਈਰਾਨ ਨੂੰ ਕਿਸੇ ਵੀ ਹਾਲਤ ਵਿੱਚ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾਣਗੇ।















