ਮਾਵਾਂ-ਧੀਆਂ ਸਤਿਕਾਰ ਯੋਜਨਾ : ਰੱਖੜੀ ਮੌਕੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ

ਚੰਡੀਗੜ੍ਹ : ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤੀਜੇ ਪੜਾਅ ਦਾ ਆਗ਼ਾਜ਼ ਰੱਖੜੀ ਮੌਕੇ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਇਸ ਯੋਜਨਾ ਦੀ ਤੀਜੀ ਕਿਸ਼ਤ ਜਾਰੀ ਕਰਨਗੇ। ਇਸ ਲਈ ਬਕਾਇਦਾ ਰੱਖੜੀ ਮੌਕੇ ਸੂਬਾਈ ਸਮਾਗਮ ਕਰਵਾਇਆ ਜਾਵੇਗਾ ਜਿਸ ’ਚ ਤਿੰਨ ਮਹੀਨੇ ਦਾ ਸਤਿਕਾਰ ਭੱਤਾ ਉਨ੍ਹਾਂ ਔਰਤਾਂ ਨੂੰ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਦੇ ਖਾਤਿਆਂ ’ਚ ਅਜੇ ਤੱਕ ਰਕਮ ਨਹੀਂ ਪੁੱਜੀ ਹੈ। ਇਥੇ ਇਹ ਵੀ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਪਹਿਲੀ ਜੁਲਾਈ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਮਾਣ ਭੱਤਾ ਦੇਣਾ ਸ਼ੁਰੂ ਕੀਤਾ ਗਿਆ ਹੈ। ਅੰਕੜਿਆਂ ਮੁਤਾਬ ਹੁਣ ਤੱਕ ਇਸ ਯੋਜਨਾ ਦਾ ਲਾਭ ਲੈਣ ਲਈ 75.50 ਲੱਖ ਔਰਤਾਂ ਰਜਿਸਟਰਡ ਹੋਈਆਂ ਹਨ ਜਿਨ੍ਹਾਂ ’ਚੋਂ 51.62 ਲੱਖ ਜਨਰਲ ਵਰਗ ਅਤੇ 23.88 ਲੱਖ ਔਰਤਾਂ ਦਲਿਤ ਵਰਗ ਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਜੁਲਾਈ ਤੋਂ ਸਮਾਗਮ ਕਰ ਕੇ ਇਹ ਸਤਿਕਾਰ ਭੱਤਾ ਦੇਣਾ ਸ਼ੁਰੂ ਕੀਤਾ ਅਤੇ ਹੁਣ ਤੱਕ 65.62 ਲੱਖ ਔਰਤਾਂ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਹੋ ਚੁੱਕੇ ਹਨ ਜਦੋਂ ਕਿ 9.88 ਲੱਖ ਔਰਤਾਂ ਨੂੰ ਇਹ ਰਾਸ਼ੀ ਮਿਲਣੀ ਬਾਕੀ ਹੈ ਜਿਨ੍ਹਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ।
ਜਾਣਕਾਰੀ ਮਿਲੀ ਹੈ ਕਿ ਰੱਖੜੀ ਦੇ ਤਿਉਹਾਰ ’ਤੇ ਕਰੀਬ 348 ਕਰੋੜ ਰੁਪਏ ਔਰਤਾਂ ਦੇ ਖਾਤਿਆਂ ’ਚ ਭੇਜੇ ਜਾਣੇ ਹਨ। ਪੰਜਾਬ ਸਰਕਾਰ ਹੁਣ ਤੱਕ ਇਸ ਸਕੀਮ ਤਹਿਤ ਔਰਤਾਂ ਦੇ ਖਾਤਿਆਂ ’ਚ ਕਰੀਬ 2,275 ਕਰੋੜ ਰੁਪਏ ਭੇਜ ਚੁੱਕੀ ਹੈ। ਮੌਜੂਦਾ ਰਜਿਸਟ੍ਰੇਸ਼ਨ ਮੁਤਾਬਕ ਇਸ ਸਕੀਮ ’ਤੇ ਸਾਲਾਨਾ 10,492.80 ਕਰੋੜ ਦਾ ਖ਼ਰਚਾ ਆਵੇਗਾ ਜੋ ਪ੍ਰਤੀ ਮਹੀਨਾ 874.40 ਕਰੋੜ ਰੁਪਏ ਬਣਦਾ ਹੈ। ਔਸਤਨ ਦੇਖੀਏ ਤਾਂ ਔਰਤਾਂ ਦੀ ਝੋਲੀ ’ਚ ਰੋਜ਼ਾਨਾ 28.74 ਕਰੋੜ ਦਾ ਸਤਿਕਾਰ ਭੱਤਾ ਪਏਗਾ। ਉਂਝ ਜੇ ਅੰਕੜਿਆਂ ਉਪਰ ਨਜ਼ਰ ਮਾਰੀ ਜਾਵੇ ਤਾਂ ਪੰਜਾਬ ’ਚ ਔਰਤ ਵੋਟਰਾਂ ਦੀ ਗਿਣਤੀ ਇਕ ਕਰੋੜ ਤੋਂ ਵੱਧ ਹੈ। ਲਿਹਾਜ਼ਾ ਵੱਡੀ ਗਿਣਤੀ ’ਚ ਔਰਤਾਂ ਅਜੇ ਵੀ ਇਸ ਸਕੀਮ ਨਾਲ ਨਹੀਂ ਜੁੜੀਆਂ ਨਹੀਂ ਹਨ।