ਨੈਸ਼ਨਲ ਡੈਸਕ- ਪੱਛਮੀ ਬੰਗਾਲ ਤੋਂ ਇਕ ਵੱਡੀ ਖ਼ਬਰ ਆਈ ਹੈ, ਜਿੱਥੇ ਕੋਲਕਾਤਾ ਸਥਿਤ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਦੀ ਪੁਰਾਣੀ ਏਅਰ ਟ੍ਰੈਫਿਕ ਕੰਟਰੋਲ (ATC) ਬਿਲਡਿੰਗ ਦੀ ਤੀਜੀ ਮੰਜ਼ਿਲ ‘ਚ ਮੰਗਲਵਾਰ ਸਵੇਰੇ ਅਚਾਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਹਾਲਾਂਕਿ, ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ ਅਤੇ ਨਾ ਹੀ ਹਵਾਈ ਅੱਡੇ ਦੀਆਂ ਫਲਾਈਟਾਂ ਪ੍ਰਭਾਵਿਤ ਹੋਈਆਂ ਹਨ।
ਅੱਗ ਦੇਖਦੇ ਹੀ ਏਅਰਪੋਰਟ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਫਾਇਰ ਫਾਈਟਰਾਂ ਵੱਲੋਂ ਦੋ ਗੱਡੀਆਂ ਦੀ ਮਦਦ ਨਾਲ ਤੁਰੰਤ ਕਾਰਵਾਈ ਕਰਦਿਆਂ ਅੱਗ ‘ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਅੱਗ ਇਮਾਰਤ ਦੇ ਹੋਰ ਹਿੱਸਿਆਂ ਵਿੱਚ ਨਹੀਂ ਫੈਲੀ।
ਏਅਰਪੋਰਟ ਡਾਇਰੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਅੱਗ ਪੁਰਾਣੀ ਏ.ਟੀ.ਸੀ. ਇਮਾਰਤ ਦੀ ਤੀਜੀ ਮੰਜ਼ਿਲ ਦੇ ਓਪਨ ਏਰੀਆ ‘ਚ ਲੱਗੀ ਸੀ, ਜਿਸ ਨੂੰ ਸਮਾਂ ਰਹਿੰਦੇ ਬੁਝਾ ਲਿਆ ਗਿਆ। ਬਿਲਡਿੰਗ ਜਾਂ ਏਅਰ ਟ੍ਰੈਫਿਕ ਸਿਸਟਮ ਨੂੰ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ ਹੈ।
ਸ਼ੁਰੂਆਤੀ ਜਾਂਚ ਅਨੁਸਾਰ, ਆਜ਼ਾਦੀ ਦਿਹਾੜੇ ਦੇ ਸਬੰਧ ‘ਚ ਇਮਾਰਤ ‘ਤੇ ਸਜਾਵਟੀ ਲਾਈਟਾਂ ਲਗਾਈਆਂ ਗਈਆਂ ਸਨ। ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ। ਫਿਲਹਾਲ ਪੁਲਸ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਅੱਗ ਲੱਗਣ ਦੇ ਸਹੀ ਕਾਰਨਾਂ ਅਤੇ ਨੁਕਸਾਨ ਦੀ ਜਾਂਚ ਕਰ ਰਹੇ ਹਨ।















