ਰਾਂਚੀ – ਝਾਰਖੰਡ ’ਚ 24 ਦਿਨਾਂ ਤੋਂ ਜਾਰੀ ਵਿਦਿਆਰਥੀ ਅੰਦੋਲਨ ਤੋਂ ਬਾਅਦ ਸੂਬਾ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸੀ.ਐੱਮ. ਹੇਮੰਤ ਸੋਰੇਨ ਨੇ ਏਜੰਸੀ ਟੀ.ਡੀ.ਪੀ. ਐੱਲ. ਦੇ ਜ਼ਰੀਏ ਕਰਵਾਈਆਂ ਗਈਆਂ ਜੇ.ਐੱਸ.ਐੱਸ.ਸੀ.-ਸੀ.ਜੀ.ਐੱਲ. ਸਮੇਤ ਸਾਰੀਆਂ ਪ੍ਰੀਖਿਆਵਾਂ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਸਾਲ 2014 ਤੋਂ ਹੁਣ ਤੱਕ ਹੋਈਆਂ ਸਾਰੀਆਂ ਭਰਤੀ ਪ੍ਰੀਖਿਆਵਾਂ ’ਚ ਹੋਈਆਂ ਗੜਬੜੀਆਂ ਦੀ ਸੀ.ਆਈ.ਡੀ. ਜਾਂਚ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਫੈਸਲੇ ਤੋਂ ਬਾਅਦ ਰਾਂਚੀ ਦੇ ਜੈਪਾਲ ਸਿੰਘ ਮੁੰਡਾ ਸਟੇਡੀਅਮ ’ਚ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਵਿਦਿਆਰਥੀਆਂ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।
ਪ੍ਰਤੀਯੋਗੀ ਪ੍ਰੀਖਿਆਵਾਂ ’ਚ ਕਥਿਤ ਧਾਂਦਲੀ ਅਤੇ ਪੇਪਰ ਲੀਕ ਦੇ ਮਾਮਲਿਆਂ ਨੂੰ ਲੈ ਕੇ ਸੂਬੇ ਭਰ ਦੇ ਉਮੀਦਵਾਰ ਪਿਛਲੇ 24 ਦਿਨਾਂ ਤੋਂ ਰਾਜਧਾਨੀ ਰਾਂਚੀ ਦੀਆਂ ਸੜਕਾਂ ’ਤੇ ਡਟੇ ਹੋਏ ਸਨ। ਇਸ ਤੋਂ ਪਹਿਲਾਂ ਮੰਤਰੀਆਂ ਦੀ ਟੀਮ ਨਾਲ ਵਿਦਿਆਰਥੀਆਂ ਦੀ ਗੱਲਬਾਤ ਬੇਨਤੀਜਾ ਰਹੀ ਸੀ। ਭਵਿੱਖ ’ਚ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਵੀ ਸ਼ੁਰੂ ਹੋ ਚੁੱਕੀ ਹੈ। ਪੂਰੀ ਪ੍ਰੀਖਿਆ ਪ੍ਰਣਾਲੀ ’ਚ ਜ਼ਰੂਰੀ ਸੁਧਾਰਾਂ ਦੀ ਜ਼ਿੰਮੇਵਾਰੀ ਅਮਿਤਾਭ ਕੌਸ਼ਲ ਨੂੰ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਸੋਰੇਨ ਨੂੰ ਪੱਤਰ ਲਿਖ ਕੇ ਵਿਦਿਆਰਥੀਆਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਦੀ ਅਪੀਲ ਕੀਤੀ ਸੀ।
ਰਿਟਾਇਰਡ ਜੱਜ ਦੀ ਕਮੇਟੀ ਕਰੇਗੀ ਗੜਬੜੀਆਂ ਦੀ ਜਾਂਚ
ਸੀ.ਐੱਮ. ਹੇਮੰਤ ਸੋਰੇਨ ਨੇ ਸਪੱਸ਼ਟ ਕੀਤਾ ਕਿ ਹਾਲ ਦੀਆਂ ਪ੍ਰੀਖਿਆਵਾਂ ’ਚ ਤੈਅ ਨਿਯਮਾਂ (ਐੱਸ. ਓ. ਪੀ.) ਦੀ ਸਹੀ ਤਰੀਕੇ ਪਾਲਣਾ ਨਹੀਂ ਹੋਈ ਸੀ, ਜਿਸ ਨਾਲ ਵੱਡੇ ਪੱਧਰ ’ਚ ਬੇਨਿਯਮੀਆਂ ਹੋਈਆਂ। ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਰਿਟਾਇਰਡ ਜੱਜ ਦੀ ਅਗਵਾਈ ’ਚ ਇਕ ਸੁਤੰਤਰ ਜਾਂਚ ਕਮੇਟੀ ਬਣੇਗੀ। ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਲਾਪਰਵਾਹ ਅਤੇ ਮੁਲਜ਼ਮ ਲੋਕਾਂ ਖਿਲਾਫ਼ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣਗੇ।















