ਨਵੀਂ ਦਿੱਲੀ : ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਕਥਿਤ ਚੋਰੀ ਅਤੇ ਦਿੱਲੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਪੁਲਸ ਕਾਰਵਾਈ ਦੇ ਮੁੱਦੇ ‘ਤੇ ਸੋਮਵਾਰ ਨੂੰ ਲੋਕ ਸਭਾ ਵਿੱਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ, ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੇਣ ਦੀ ਮੰਗ ਕੀਤੀ ਗਈ। ਹੰਗਾਮੇ ਕਾਰਨ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਦੋਵਾਂ ਵਿੱਚ ਵਿਘਨ ਪਿਆ। ਇਸ ਦੌਰਾਨ ਲੋਕ ਸਭਾ ਵਿਚ 4 ਅਹਿਮ ਬਿੱਲ ਪੇਸ਼ ਕੀਤੇ ਗਏ ਅਤੇ ਸਦਨ ਦੁਪਹਿਰ 2 ਵਜੇ ਤੱਕ ਫਿਰ ਤੋਂ ਮੁਲਤਵੀ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਅੱਜ ਲੋਕ ਸਭਾ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਵਲੋਂ ਕੀਤੇ ਗਏ ਹੰਗਾਮੇ ਦੇ ਵਿਚਕਾਰ ਪੇਸ਼ ਕੀਤੇ ਗਏ ਚਾਰ ਬਿੱਲਾਂ ਵਿੱਚ ਕੇਰਲ ਦਾ ਨਾਮ ਕੇਰਲਮ ਕਰਨ ਦਾ ਬਿੱਲ, ਟ੍ਰਿਬਿਊਨਲ ਸੁਧਾਰ ਬਿੱਲ 2026, ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮਨ) ਸੋਧ ਬਿੱਲ 2026 ਅਤੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਸੋਧ) ਬਿੱਲ 2026 ਸ਼ਾਮਲ ਹਨ। ਸੰਸਦ ਦੇ ਮਾਨਸੂਨ ਸੈਸ਼ਨ ਦਾ ਚੌਥਾ ਹਫ਼ਤਾ ਪਿਛਲੇ ਤਿੰਨ ਹਫ਼ਤਿਆਂ ਵਾਂਗ ਹੀ ਹੰਗਾਮੇ ਨਾਲ ਸ਼ੁਰੂ ਹੋਇਆ। ਜਿਵੇਂ ਸਵੇਰੇ 11 ਵਜੇ ਕਾਰਵਾਈ ਸ਼ੁਰੂ ਹੋਈ, ਕਾਂਗਰਸ ਤੇ ਸਮਾਜਵਾਦੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੁਰਸੀ ‘ਤੇ ਬੈਠੇ ਆਰਐਸਪੀ ਨੇਤਾ ਐਨ.ਕੇ. ਪ੍ਰੇਮਚੰਦਰਨ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ।
ਆਮ ਤੌਰ ‘ਤੇ ਲੋਕ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਸਪੀਕਰ ਓਮ ਬਿਰਲਾ ਪ੍ਰਧਾਨਗੀ ਹੁੰਦੇ ਹਨ। ਹੰਗਾਮਾ ਜਾਰੀ ਰਹਿਣ ‘ਤੇ ਪ੍ਰੇਮਚੰਦਰਨ ਨੇ ਸਦਨ ਸ਼ੁਰੂ ਹੋਣ ਤੋਂ ਇੱਕ ਮਿੰਟ ਬਾਅਦ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਹੰਗਾਮੇ ਦੇ ਵਿਚਕਾਰ ਪ੍ਰਧਾਨਗੀ ਚੇਅਰਪਰਸਨ ਸੰਧਿਆ ਰਾਏ ਨੇ ਜ਼ਰੂਰੀ ਕਾਗਜ਼ਾਤ ਪੇਸ਼ ਕੀਤੇ। ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਟ੍ਰਿਬਿਊਨਲ ਸੁਧਾਰ ਬਿੱਲ 2026 ਅਤੇ ਕੋਲਾ-ਖਾਣਾਂ ਮੰਤਰੀ ਜੀ. ਕਿਸ਼ਨ ਰੈੱਡੀ ਨੇ ਹੰਗਾਮੇ ਵਿਚਕਾਰ ਖਾਣਾਂ ਅਤੇ ਖਣਿਜ (ਵਿਕਾਸ ਅਤੇ ਨਿਯਮਨ) ਸੋਧ ਬਿੱਲ, 2026 ਪੇਸ਼ ਕੀਤਾ।
ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕੇਰਲ (ਨਾਮ ਬਦਲਣਾ) ਬਿੱਲ, 2026 ਪੇਸ਼ ਕੀਤਾ ਅਤੇ ਸਹਿਕਾਰਤਾ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (ਸੋਧ) ਬਿੱਲ, 2026 ਪੇਸ਼ ਕੀਤਾ। ਹਾਲਾਂਕਿ, ਦੋਵੇਂ ਬਿੱਲ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਨਾਮ ‘ਤੇ ਸੂਚੀਬੱਧ ਸਨ। ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਇਹ ਕਹਿੰਦੇ ਸੁਣਿਆ ਗਿਆ, “ਗ੍ਰਹਿ ਮੰਤਰੀ ਕਿੱਥੇ ਹਨ?” ਪ੍ਰਧਾਨਗੀ ਵਾਲੀ ਚੇਅਰਪਰਸਨ ਸੰਧਿਆ ਰਾਏ ਨੇ ਬਿੱਲਾਂ ਨੂੰ ਪੇਸ਼ ਕਰਨ ਦਾ ਵਿਰੋਧ ਕਰਨ ਲਈ ਕੁਝ ਵਿਰੋਧੀ ਮੈਂਬਰਾਂ ਦੇ ਨਾਮ ਲਏ ਪਰ ਵਿਰੋਧੀ ਧਿਰ ਨਾਅਰੇਬਾਜ਼ੀ ਕਰਦੀ ਰਹੀ। ਜਦੋਂ ਹੰਗਾਮਾ ਨਾ ਰੁਕਿਆ ਤਾਂ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।















