ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਾਲ 2025 ’ਚ ਅਮਰੀਕਾ, ਬ੍ਰਿਟੇਨ, ਫਰਾਂਸ, ਚੀਨ ਅਤੇ ਜਾਪਾਨ ਸਮੇਤ 23 ਦੇਸ਼ਾਂ ਦੀਆਂ ਵਿਦੇਸ਼ ਯਾਤਰਾਵਾਂ ’ਤੇ 180 ਕਰੋੜ ਰੁਪਏ ਤੋਂ ਵੱਧ ਖਰਚ ਹੋਏ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਰਾਜ ਸਭਾ ’ਚ ਲਿਖਤੀ ਜਵਾਬ ’ਚ ਇਹ ਜਾਣਕਾਰੀ ਦਿੱਤੀ। ਵਿਦੇਸ਼ ਰਾਜ ਮੰਤਰੀ ਪਬਿਤ੍ਰ ਮਾਰਗੇਰਿਟਾ ਨੇ ਦੱਸਿਆ ਕਿ ਸਾਲ 2026 ’ਚ ਹੁਣ ਤੱਕ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ’ਤੇ ਲੱਗਭਗ 74.58 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਇਸ ’ਚ 6 ਤੋਂ 11 ਜੁਲਾਈ ਦੇ ਦਰਮਿਆਨ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਯਾਤਰਾ ਵੀ ਸ਼ਾਮਲ ਹੈ।
ਸਰਕਾਰ ਨੇ 2021 ਤੋਂ ਹੁਣ ਤੱਕ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਦਾ ਸਾਲਵਾਰ ਅਤੇ ਦੇਸ਼ਵਾਰ ਖਰਚਾ ਵੀ ਸਾਂਝਾ ਕੀਤਾ। ਅੰਕੜਿਆਂ ਅਨੁਸਾਰ, ਸਾਲ 2025 ’ਚ ਵੱਖ-ਵੱਖ ਦੇਸ਼ਾਂ ਦੀਆਂ ਯਾਤਰਾਵਾਂ ’ਤੇ ਲੱਗਭਗ 187 ਕਰੋੜ ਰੁਪਏ ਖਰਚ ਹੋਏ। ਇਨ੍ਹਾਂ ’ਚ ਫਰਾਂਸ ਯਾਤਰਾ ’ਤੇ ਲੱਗਭਗ 25.60 ਕਰੋੜ ਰੁਪਏ, ਬ੍ਰਾਜ਼ੀਲ ’ਤੇ 17.72 ਕਰੋੜ ਰੁਪਏ, ਅਮਰੀਕਾ ’ਤੇ 16.55 ਕਰੋੜ ਰੁਪਏ, ਸਾਊਦੀ ਅਰਬ ’ਤੇ 15.54 ਕਰੋੜ ਰੁਪਏ, ਚੀਨ ’ਤੇ 10.60 ਕਰੋੜ ਰੁਪਏ ਅਤੇ ਬ੍ਰਿਟੇਨ ’ਤੇ 9.92 ਕਰੋੜ ਰੁਪਏ ਖਰਚ ਹੋਏ।
ਸਰਕਾਰ ਅਨੁਸਾਰ, 2025 ’ਚ ਪ੍ਰਧਾਨ ਮੰਤਰੀ ਨੇ ਮਾਰੀਸ਼ਸ, ਥਾਈਲੈਂਡ, ਸ਼੍ਰੀਲੰਕਾ, ਸਾਈਪ੍ਰਸ, ਕੈਨੇਡਾ, ਕ੍ਰੋਏਸ਼ੀਆ, ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਨਾਮੀਬੀਆ, ਮਾਲਦੀਵ, ਜਾਪਾਨ, ਭੂਟਾਨ, ਦੱਖਣੀ ਅਫਰੀਕਾ, ਜਾਰਡਨ, ਓਮਾਨ ਅਤੇ ਇਥੋਪੀਆ ਦਾ ਵੀ ਦੌਰਾ ਕੀਤਾ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਜੁਲਾਈ 2021 ਤੋਂ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਦੌਰਾਨ ਕੁੱਲ 316 ਸਮਝੌਤਾ ਪੱਤਰਾਂ (ਐੱਮ. ਓ. ਯੂ.) ’ਤੇ ਦਸਤਖ਼ਤ ਹੋਏ ਹਨ। ਅਪ੍ਰੈਲ 2021 ਤੋਂ ਦਸੰਬਰ 2025 ਦੇ ਦਰਮਿਆਨ ਭਾਰਤ ’ਚ 381.8 ਅਰਬ ਅਮਰੀਕੀ ਡਾਲਰ ਦਾ ਐੱਫ. ਡੀ. ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਆਇਆ।














