ਪਟਨਾ – ਬਿਹਾਰ ਵਿੱਚ ਸਰਕਾਰੀ ਭਰਤੀ ਪ੍ਰੀਖਿਆ ਦਾ ਪ੍ਰਸ਼ਨ-ਪੱਤਰ ਲੀਕ ਹੋਣ ਦੇ ਮਾਮਲੇ ਵਿੱਚ ਪੁਲਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਇਸ ਘਟਨਾ ਤੋਂ ਬਾਅਦ ਬਿਹਾਰ ਪੁਲਸ ਸਬ-ਆਰਡੀਨੇਟ ਸਰਵਿਸਿਜ਼ ਕਮਿਸ਼ਨ (BPSSC) ਦੀ ਹਵਾਲਦਾਰ ਇੰਸਟ੍ਰਕਟਰ ਪ੍ਰੀਖਿਆ, ਜੋ ਕਿ 5 ਅਗਸਤ ਨੂੰ ਹੋਣੀ ਸੀ, ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪਟਨਾ ਦਾ ਰਹਿਣ ਵਾਲਾ ਰਾਜ ਸਮਦਰਸ਼ੀ ਉਰਫ਼ ਰਾਜਾ (25), ਵੈਸ਼ਾਲੀ ਦਾ ਅਭਿਸ਼ੇਕ ਕੁਮਾਰ (21) ਅਤੇ ਵੈਸ਼ਾਲੀ ਦਾ ਹੀ ਨਿਤੇਸ਼ ਕੁਮਾਰ (28) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮ ਨਿਤੇਸ਼ ਕੁਮਾਰ ਬਾਇਓਮੈਟ੍ਰਿਕ ਸੁਪਰਵਾਈਜ਼ਰ ਵਜੋਂ ਕੰਮ ਕਰ ਰਿਹਾ ਸੀ। ਆਰਥਿਕ ਅਪਰਾਧ ਇਕਾਈ (EOU) ਅਨੁਸਾਰ ਰਾਜ ਸਮਦਰਸ਼ੀ ਨੂੰ ਹਾਜੀਪੁਰ ਦੇ ਇੱਕ ਪ੍ਰੀਖਿਆ ਕੇਂਦਰ ਤੋਂ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਉਹ ਹੋਮਗਾਰਡ ਸੇਵਾ ਇੰਸਟ੍ਰਕਟਰ ਪ੍ਰੀਖਿਆ ਵਿੱਚ ਬੈਠਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਸ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਪ੍ਰੀਖਿਆ ਦੇ ਪ੍ਰਸ਼ਨ-ਪੱਤਰਾਂ ਦੇ ਉੱਤਰ ਬਾਇਓਮੈਟ੍ਰਿਕ ਸੁਪਰਵਾਈਜ਼ਰ ਨਿਤੇਸ਼ ਕੁਮਾਰ ਰਾਹੀਂ ਰਾਜ ਸਮਦਰਸ਼ੀ ਤੱਕ ਪਹੁੰਚਾਏ ਜਾਂਦੇ ਸਨ। ਮੁਲਜ਼ਮ ਨੇ ਇਹ ਵੀ ਮੰਨਿਆ ਕਿ ਇਸ ਸਾਲ ਅਪ੍ਰੈਲ ਵਿੱਚ ਹੋਈ ਸਹਾਇਕ ਚੋਣ ਵਿਕਾਸ ਅਧਿਕਾਰੀ (AEDO) ਦੀ ਪ੍ਰੀਖਿਆ ਵਿੱਚ ਵੀ ਇਸੇ ਤਰੀਕੇ ਨਾਲ ਧਾਂਦਲੀ ਕੀਤੀ ਗਈ ਸੀ। ਪੁਲਸ ਨੂੰ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਦੌਰਾਨ ਪ੍ਰੀਖਿਆ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼, ਐਡਮਿਟ ਕਾਰਡ ਅਤੇ ਉੱਤਰ-ਪੱਤਰੀਆਂ ਬਰਾਮਦ ਹੋਈਆਂ ਹਨ।
ਇਸ ਮਾਮਲੇ ਵਿੱਚ ਆਰਥਿਕ ਅਪਰਾਧ ਥਾਣੇ ਵਿੱਚ ਬਿਹਾਰ ਜਨਤਕ ਪ੍ਰੀਖਿਆ (ਅਨੁਚਿਤ ਸਾਧਨਾਂ ਦੀ ਰੋਕਥਾਮ) ਐਕਟ ਦੀਆਂ ਧਾਰਾਵਾਂ 10 ਅਤੇ 11(1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਨੁਸਾਰ ਐਫ.ਆਈ.ਆਰ. ਵਿੱਚ ਚਾਰ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਇਸ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ।















