ਜਬਰ-ਜ਼ਿਨਾਹ ਮਗਰੋਂ ਬੰਦੇ ਨੇ ਕੁੜੀ ਨਾਲ ਕਰਵਾਇਆ ਵਿਆਹ ! ਅਦਾਲਤ ਨੇ ਸੁਣਾ’ਤੀ 10 ਸਾਲ ਦੀ ਕੈਦ

ਲਾਤੂਰ ਮਹਾਰਾਸ਼ਟਰ ਦੀ ਲਾਤੂਰ ਜ਼ਿਲ੍ਹਾ ਅਦਾਲਤ ਨੇ 35 ਸਾਲਾ ਇਕ ਵਿਅਕਤੀ ਨੂੰ ਨਾਬਾਲਗ ਨਾਲ ਜਬਰ ਜ਼ਿਨਾਹ ਕਰਨ ਦੇ ਦੋਸ਼ ‘ਚ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਨੇ ਪੀੜਤਾ ਨਾਲ ਵਿਆਹ ਕਰ ਲਿਆ ਸੀ। ਜੱਜ ਐੱਸ.ਏ. ਸਈਦ ਨੇ ਵਿਪੁਲ ਸੁਖਰਾਮ ਬਨਕਰ ਨੂੰ ਇਕ ਨਾਬਾਲਗ ਕੁੜੀ ਨੂੰ ਅਗਵਾ ਕਰਨ ਅਤੇ ਉਸ ਨਾਲ ਜਬਰ ਜ਼ਿਨਾਹ ਕਰਨ ਦਾ ਦੋਸ਼ੀ ਪਾਇਆ।
ਅਦਾਲਤ ਨੇ ਉਸ ‘ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਸਤਗਾਸਾ ਪੱਖ ਦੇ ਅਨੁਸਾਰ, ਬਨਕਰ ਨੇ 26 ਸਤੰਬਰ 2015 ਨੂੰ ਕੁੜੀ ਨੂੰ ਵਰਗਲਾ ਕੇ ਉਸ ਨੂੰ ਅਗਵਾ ਕੀਤਾ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਕੁੜੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਲਾਤੂਰ ਦਿਹਾਤੀ ਪੁਲਸ ਨੇ ਉਸ ਵਿਰੁੱਧ ਭਾਰਤੀ ਦੰਡ ਸੰਹਿਤਾ ਅਤੇ ਬੱਚਿਆਂ ਦੀ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ ਪੀੜਤਾ ਸਮੇਤ 14 ਗਵਾਹ ਪੇਸ਼ ਕੀਤੇ।
ਬਨਕਰ ਨੇ ਬਾਅਦ ‘ਚ ਕੁੜੀ ਨਾਲ ਵਿਆਹ ਕੀਤਾ ਅਤੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਮੁੜ ਤੋਂ ਉਸ ਦਾ ਬਿਆਨ ਦਰਜ ਕਰੇ ਪਰ ਅਦਾਲਤ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ। ਉਸ ਨੇ ਸਜ਼ਾ ਤੋਂ ਬਚਣ ਲਈ ਦਲੀਲ ਦਿੱਤੀ ਕਿ ਉਸ ਨੇ ਕੁੜੀ ਨਾਲ ਵਿਆਹ ਕਰ ਲਿਆ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ। ਹਾਲਾਂਕਿ, ਸਰਕਾਰੀ ਵਕੀਲ ਐੱਸ.ਐੱਮ. ਮੁੰਡਾਡਾ ਅਤੇ ਵਿਸ਼ੇਸ਼ ਸਰਕਾਰੀ ਵਕੀਲ ਮੰਗੇਸ਼ ਮਹਿੰਦਰਾਕਰ ਨੇ ਅਦਾਲਤ ਨੂੰ ਦੱਸਿਆ ਕਿ ਉਹ ਵਿਆਹਿਕ ਵਿਵਾਦਾਂ ਕਾਰਨ ਹੁਣ ਇਕੱਠੇ ਨਹੀਂ ਰਹਿ ਰਹੇ ਹਨ। ਇਸਤਗਾਸਾ ਪੱਖ ਦੀਆਂ ਦਲੀਲਾਂ ਨੂੰ ਠੋਸ ਮੰਨਦੇ ਹੋਏ, ਅਦਾਲਤ ਨੇ ਆਰੋਪੀ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਜ਼ਾ ਸੁਣਾਈ।