ਇੰਟਰਨੈਸ਼ਨਲ ਡੈਸਕ- ਵੇਨੇਜ਼ੁਏਲਾ ‘ਚ ਪਿਛਲੇ ਦਿਨੀਂ 7.7 ਤੀਬਰਤਾ ਦੇ ਭੂਚਾਲ ਕਾਰਨ ਜਿੱਥੇ ਵੱਡੇ ਪੱਧਰ ‘ਤੇ ਜਾਨੀ-ਮਾਲੀ ਨੁਕਸਾਨ ਦੇ ਜ਼ਖ਼ਮ ਹਾਲੇ ਭਰੇ ਨਹੀਂ ਕਿ ਜਾਪਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੋਂ ਦੇ ਦੱਖਣੀ ਟਾਪੂ ਕਿਊਸ਼ੂ ਦਾ ਕੁਮਾਮੋਤੋ ਇਲਾਕਾ ਮੰਗਲਵਾਰ ਦੇਰ ਸ਼ਾਮ 7.1 ਤੀਬਰਤਾ ਦੇ ਜ਼ਬਰਦਸਤ ਭੂਚਾਲ ਨਾਲ ਬੁਰੀ ਤਰ੍ਹਾਂ ਕੰਬ ਗਿਆ। ਇਸ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ।
ਜਾਪਾਨੀ ਮੌਸਮ ਵਿਗਿਆਨ ਏਜੰਸੀ ਅਨੁਸਾਰ, ਸ਼ੁਰੂਆਤੀ ਜਾਂਚ ਦੌਰਾਨ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ, ਜਦਕਿ ਭੂਚਾਲ ਦਾ ਕੇਂਦਰ ਸਮੁੰਦਰ ਦੀ ਸਤ੍ਹਾ ਤੋਂ ਲਗਭਗ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਜਾਪਾਨੀ ਪ੍ਰਸ਼ਾਸਨ ਨੇ ਸਮੁੰਦਰੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਅਤ ਉੱਚੀਆਂ ਥਾਵਾਂ ‘ਤੇ ਜਾਣ ਦੀ ਹਦਾਇਤ ਦਿੱਤੀ ਹੈ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ, ਪਰ ਭੂਚਾਲ ਦੀਆਂ ਵਾਇਰਲ ਹੋ ਰਹੀਆਂ ਵੀਡੀਓਜ਼ ਮਗਰੋਂ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।















