‘ਮੈਂ ਪੁਲਸ ’ਤੇ ਭਰੋਸਾ ਕੀਤਾ, ਮੈਨੂੰ ਹੀ ਜ਼ਿੰਮੇਵਾਰ ਠਹਿਰਾਅ ਦਿੱਤਾ’, ਕਰੂਰ ਭਾਜੜ ਮਾਮਲੇ ’ਤੇ ਬੋਲੇ CM ਵਿਜੇ

ਕਰੂਰ : ਲੱਗਭਗ ਇਕ ਸਾਲ ਪਹਿਲਾਂ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਦੀ ਰੈਲੀ ਦੌਰਾਨ ਹੋਈ ਭਾਜੜ ’ਚ 41 ਲੋਕਾਂ ਦੀ ਮੌਤ ਤੋਂ ਬਾਅਦ ਪਾਰਟੀ ਸੰਸਥਾਪਕ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ ਵਿਜੇ ਪਹਿਲੀ ਵਾਰ ਸ਼ੁੱਕਰਵਾਰ ਨੂੰ ਕਰੂਰ ਪਹੁੰਚੇ। ਇਸ ਘਟਨਾ ਨੂੰ ਲੈ ਕੇ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਤੇ ਪੁਲਸ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਮੈਨੂੰ ਪੁਲਸ ’ਤੇ ਪੂਰਾ ਭਰੋਸਾ ਸੀ ਪਰ ਮੈਨੂੰ ਹੀ ਜ਼ਿੰਮੇਵਾਰ ਠਹਿਰਾਅ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਡੀ. ਐੱਮ. ਕੇ. ਨੇ 2025 ’ਚ ਕਰੂਰ ’ਚ ਹੋਈ ਭਾਜੜ ਦੀ ਦੁਖਦਾਈ ਘਟਨਾ ਤੋਂ ‘ਸਿਆਸੀ ਲਾਭ’ ਲੈਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਇਸ ਪੱਛਮੀ ਜ਼ਿਲ੍ਹੇ ਦਾ ਦੌਰਾ ਕਰਨ ਤੋਂ ਵੀ ਰੋਕਿਆ।
ਮੁੱਖ ਮੰਤਰੀ ਵਿਜੇ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟਾਇਆ ਅਤੇ ਦੋਸ਼ ਲਾਇਆ ਕਿ ਪੁਲਸ ਭੀੜ ਨੂੰ ਠੀਕ ਤਰ੍ਹਾਂ ਸੰਭਾਲਣ ’ਚ ਅਸਫਲ ਰਹੀ ਅਤੇ ਪਿਛਲੀ ਡੀ. ਐੱਮ. ਕੇ. ਸਰਕਾਰ ’ਤੇ ਇਸ ਦੁਖਾਂਤ ਦਾ ਦੋਸ਼ ਉਨ੍ਹਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ, ਜਿਸ ’ਚ 41 ਲੋਕਾਂ ਦੀ ਜਾਨ ਚਲੀ ਗਈ ਸੀ। ਵਿਜੇ ਨੇ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਪੁਲਸ ਸਾਨੂੰ ਦੱਸ ਸਕਦੀ ਸੀ ਕਿ ਭੀੜ ਲਗਾਤਾਰ ਵਧ ਰਹੀ ਹੈ ਅਤੇ ਉਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ ਹੈ। ਪੁਲਸ ਕੋਲ ਰੈਲੀ ਰੱਦ ਕਰਨ ਦਾ ਪੂਰਾ ਅਧਿਕਾਰ ਸੀ ਪਰ ਅਜਿਹਾ ਕਰਨ ਦੇ ਬਦਲ ਵਜੋਂ ਪੁਲਸ ਸਾਨੂੰ ਆਪਣੀ ਸੁਰੱਖਿਆ ’ਚ ਹਾਈਵੇਅ ਤੱਕ ਲੈ ਗਈ।”
ਸ਼ੁੱਕਰਵਾਰ ਨੂੰ ਆਯੋਜਿਤ ਰੈਲੀ ’ਚ ਮੁੱਖ ਮੰਤਰੀ ਨੇ ਕਿਹਾ, “ਮੈਨੂੰ ਪੁਲਸ ’ਤੇ ਪੂਰਾ ਭਰੋਸਾ ਸੀ। ਮੈਂ ਸਟੇਜ ਤੋਂ ਪੁਲਸ ਦਾ ਧੰਨਵਾਦ ਵੀ ਕੀਤਾ ਸੀ। ਮੈਨੂੰ ਉਸ ਸਮੇਂ ਇਸ ਪੂਰੇ ਘਟਨਾਚੱਕਰ ਦੀ ਸੱਚਾਈ ਦਾ ਪਤਾ ਨਹੀਂ ਸੀ ਪਰ ਮੈਨੂੰ ਹੀ ਜ਼ਿੰਮੇਵਾਰ ਠਹਿਰਾਅ ਦਿੱਤਾ ਗਿਆ। ਇਹ ਸਭ ਕਿਸ ਦੀ ਜ਼ਿੰਮੇਵਾਰੀ ਸੀ? ਕਿਸ ਦੇ ਹੁਕਮ ’ਤੇ ਇਹ ਸਭ ਕੀਤਾ ਗਿਆ?” ਵਿਜੇ ਨੇ ਉਸ ਸਮੇਂ ਸੱਤਾ ’ਚ ਰਹੀ ਡੀ. ਐੱਮ. ਕੇ. ਦਾ ਨਾਂ ਲਏ ਬਿਨਾਂ ਕਿਹਾ, “ਉਨ੍ਹਾਂ ਨੇ ਇਸ ਦੁਖਾਂਤ ਤੋਂ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕੀਤੀ।” ਮੁੱਖ ਮੰਤਰੀ ਨੇ ਕਿਹਾ ਕਿ ਕਰੂਰ ਭਾਜੜ ਤੋਂ ਉਨ੍ਹਾਂ ਨੂੰ ਕਾਫ਼ੀ ਦੁੱਖ ਹੋਇਆ। ਉਨ੍ਹਾਂ ਨੇ ਕਿਹਾ, “2025 ਦੀ ਕਰੂਰ ਭਾਜੜ ’ਚ ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਨੂੰ ਗੁਆ ਦਿੱਤਾ।” ਕਾਲੇ ਰੰਗ ਦੇ ਪਹਿਰਾਵੇ ’ਚ ਪਹੁੰਚੇ ਮੁੱਖ ਮੰਤਰੀ ਵਿਜੇ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਟੀ. ਵੀ. ਕੇ. ਕਰੂਰ ਭਾਜੜ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ’ਚ ਇਕ ਯਾਦਗਾਰ ਦਾ ਨਿਰਮਾਣ ਕਰਵਾਏਗੀ।