ਭਾਰਤ ਨੇ ਰਣਨੀਤੀ ਅਤੇ ਸਹੀ ਫੈਸਲਿਆਂ ਨਾਲ ਹੱਲ ਕੀਤਾ ਸਭ ਤੋਂ ਵੱਡਾ ਊਰਜਾ ਸੰਕਟ: PM ਮੋਦੀ

ਬਾਲੋਤਰਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ‘ਚ ਜੰਗ ਕਾਰਨ ਪੂਰੀ ਦੁਨੀਆ ‘ਚ ਮਚੇ ਹਾਹਾਕਾਰ ਕਾਰਨ ਅੱਜ ਵੱਡੇ-ਵੱਡੇ ਦੇਸ਼ ਫਿਊਲ ਦੀ ਕਿੱਲਤ ਨਾਲ ਜੂਝ ਰਹੇ ਹਨ। ਉੱਥੇ ਹੀ ਇਸ ਵੱਡੇ ਊਰਜਾ ਸੰਕਟ ‘ਤੇ 21ਵੀਂ ਸਦੀ ਦੇ ਨਵੇਂ ਭਾਰਤ ਦੀ ਇੱਛਾ ਸ਼ਕਤੀ ਅਤੇ ਪ੍ਰਭਾਵੀ ਰਣਨੀਤੀ ਤੇ ਹਰ ਪੱਧਰ ‘ਤੇ ਸਹੀ ਫੈਸਲੇ ਲੈਣ ਨਾਲ ਦੇਸ਼ ਇਸ ਸੰਕਟ ਤੋਂ ਉਭਰ ਸਕਿਆ ਹੈ। ਪੀ.ਐੱਮ. ਮੋਦੀ ਨੇ ਸ਼ਨੀਵਾਰ ਨੂੰ ਇੱਥੇ ਬਾਲੋਤਰਾ ਜ਼ਿਲ੍ਹੇ ਦੇ ਪਚਪਦਰਾ ‘ਚ ਰਿਫਾਇਨਰੀ ਅਤੇ ਹੋਰ ਵਿਕਾਸ ਕੰਮਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮੌਕੇ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ‘ਚ ਜੰਗ ਨੇ ਪੂਰੀ ਦੁਨੀਆ ‘ਚ ਸਭ ਤੋਂ ਵੱਡੇ ਊਰਜਾ ਸੰਕਟ ਨੂੰ ਜਨਮ ਦਿੱਤਾ। ਵੱਡੇ-ਵੱਡੇ ਦੇਸ਼ ਅੱਜ ਫਿਊਲ ਦੀ ਕਿੱਲਤ ਨਾਲ ਜੂਝ ਰਹੇ ਹਨ ਪਰ 21ਵੀਂ ਸਦੀ ਦੇ ਨਵੇਂ ਭਾਰਤ ਦੀ ਇੱਛਾ ਸ਼ਕਤੀ ਅਤੇ ਭਾਰਤ ਦੀ ਕੋਸ਼ਿਸ਼ ਇਨ੍ਹਾਂ ਸੰਕਟਾਂ ‘ਤੇ ਭਾਰੀ ਪਏ। ਉਨ੍ਹਾਂ ਕਿਹਾ ਕਿ ਭਾਰਤ ਨੇ ਹਰ ਪੱਧਰ ‘ਤੇ ਸਹੀ ਫੈਸਲੇ ਲਏ ਅਤੇ ਸੰਕਟ ਦੇ ਸਮੇਂ ਸਹੀ ਮੁਲਾਂਕਣ ਕੀਤਾ ਅਤੇ ਪ੍ਰਭਾਵੀ ਰਣਨੀਤੀ ਬਣਾਈ। ਭਾਰਤ ਦੇ ਸਰੋਤਾਂ ਦਾ ਸੰਤੁਲਿਤ ਉਪਯੋਗ ਅਤੇ ਕੂਟਨੀਤੀ ਦੇ ਸਕਾਰਾਤਮਕ ਉਪਯੋਗ ਨਾਲ ਦੇਸ਼ ਸੰਕਟ ਤੋਂ ਉੱਭਰ ਸਕਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਜਨਤਕ ਤੌਰ ‘ਤੇ ਕੁਝ ਤਾਕਤਾਂ ਅਫਵਾਹ ਅਤੇ ਡਰ ਫੈਲਾਉਣ ‘ਚ ਰੁਝੀਆਂ ਸਨ, ਉਦੋਂ ਦਿਨ ਰਾਤ ਕੰਮ ਹੋ ਰਿਹਾ ਸੀ ਕਿ ਕਿਸ ਤਰ੍ਹਾਂ ਸਥਿਤੀ ਨੂੰ ਸੰਭਾਲਿਆ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੁੱਧ ਦੇ ਹਾਲਾਤ ਨੇ ਗੈਸ ਸਪਲਾਈ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਸੀ, ਇਸ ਲਈ ਸੰਕਟ ਸ਼ੁਰੂ ਹੁੰਦੇ ਹੀ ਰਿਫਾਇਨਰੀ ਦੀ ਸਮਰੱਥਾ ‘ਤੇ ਜ਼ੋਰ ਦਿੱਤਾ ਗਿਆ। ਰਸੋਈ ਗੈਸ ਲਈ ਐੱਲਪੀਜੀ ਬਣਾਉਣ ਲਈ ਕਿਹਾ ਗਿਆ ਅਤੇ 7 ਦਿਨਾਂ ‘ਚ ਐੱਲਪੀਜੀ ਦੇ ਉਤਪਾਦਨ ‘ਚ ਵਾਧਾ ਹੋਇਆ ਅਤੇ 35 ਹਜ਼ਾਰ ਟਨ ਦੀ ਤੁਲਨਾ ‘ਚ ਉਹ ਸੰਕਟ ਦੌਰਾਨ 54 ਹਜ਼ਾਰ ਟਨ ਤੱਕ ਹੋ ਗਿਆ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਰਸੋਈ ਗੈਸ ਲਈ ਪੀਐੱਨਜੀ ਕਨੈਕਸ਼ਨ ਵਧਾਉਣ ਦੀ ਮੁਹਿੰਮ ਚਲਾਈ ਗਈ ਅਤੇ ਬਹੁਤ ਘੱਟ ਸਮੇਂ ‘ਚ ਭਾਰਤ ਨੇ ਕਰੀਬ 11 ਲੱਖ ਘਰਾਂ ਨੂੰ ਪੀਐੱਨਜੀ ਕਨੈਕਸ਼ਨ ਨਾਲ ਜੋੜ ਦਿੱਤਾ। ਪੀਐੱਮ ਮੋਦੀ ਨੇ ਕਿਹਾ ਕਿ ਯੁੱਧ ਕਾਰਨ ਪੈਟਰੋਲ ਤੇ ਡੀਜ਼ਲ ਦਾ ਸੰਕਟ ਵੱਡਾ ਸੀ ਅਤੇ ਕਰੂਡ ਆਇਲ (ਕੱਚੇ ਤੇਲ) ਦੀਆਂ ਕੀਮਤਾਂ 70 ਰੁਪਏ ਪ੍ਰਤੀ ਬੈਰਲ ਤੋਂ 120 ਰੁਪਏ ਪ੍ਰਤੀ ਬੈਰਲ ਪਹੁੰਚ ਗਈਆਂ। ਆਯਾਤ ਦੇ ਰਸਤੇ ਵੀ ਬੰਦ ਹੋ ਗਏ ਸਨ ਅਤੇ ਦੁਨੀਆ ‘ਚ ਤੇਲ ਦੀਆਂ ਕੀਮਤਾਂ ‘ਚ 40 ਤੋਂ 50 ਫੀਸਦੀ ਵਾਧਾ ਹੋ ਗਿਆ। ਕਈ ਦੇਸ਼ਾਂ ‘ਚ ਤਾਂ ਡੀਜ਼ਲ ਤੇ ਪੈਟਰੋਲ ਕੋਟੇ ਦੇ ਆਧਾਰ ‘ਤੇ ਮਿਲਣਾ ਸ਼ੁਰੂ ਹੋ ਗਿਆ ਪਰ ਭਾਰਤ ‘ਚ ਇਕ ਦਿਨ ਵੀ ਅਜਿਹੇ ਹਾਲਾਤ ਨਹੀਂ ਆਏ।