ਉੱਤਰਾਖੰਡ ਦੇ ਚਮੋਲੀ ’ਚ ਫਟਿਆ ਬੱਦਲ, ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਮਲਬਾ

ਨਵੀਂ ਦਿੱਲੀ – ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਤੇਜ਼ ਬਾਰਿਸ਼ ਤੋਂ ਬਾਅਦ ਅਚਾਨਕ ਬੱਦਲ ਫਟ ਗਿਆ। ਇਸ ਨਾਲ ਇਲਾਕੇ ਦੇ ਕਈ ਘਰਾਂ ਅਤੇ ਦੁਕਾਨਾਂ ’ਚ ਮਲਬਾ ਵੜ ਗਿਆ। ਕਈ ਗੱਡੀਆਂ ਵੀ ਮਲਬੇ ’ਚ ਫਸ ਗਈਆਂ। ਓਧਰ ਮੱਧ ਪ੍ਰਦੇਸ਼ ਦੇ ਬਾਲਾਘਾਟ ’ਚ ਬਿਜਲੀ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਦੇਵਾਸ ’ਚ ਹਨ੍ਹੇਰੀ-ਬਾਰਿਸ਼ ਨਾਲ ਮਕਾਨ ਦੀ ਬਾਲਕਨੀ ਦਾ ਹਿੱਸਾ ਡਿੱਗ ਗਿਆ। ਇਸ ਹਾਦਸੇ ’ਚ 2 ਔਰਤਾਂ ਦੀ ਮੌਤ ਹੋ ਗਈ। ਝਾਰਖੰਡ ’ਚ ਵੀ ਬਿਜਲੀ ਡਿੱਗਣ ਨਾਲ 10 ਅਤੇ ਛੱਤੀਸਗੜ੍ਹ ’ਚ 2 ਲੋਕਾਂ ਦੀ ਮੌਤ ਹੋ ਗਈ। ਯਾਨੀ ਕੁੱਲ ਮਿਲਾ ਕੇ ਬਿਜਲੀ ਡਿੱਗਣ ਨਾਲ 16 ਲੋਕਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਮਾਨਸੂਨ ਨੇ ਦੇਸ਼ ਦੇ 22 ਸੂਬਿਆਂ ਨੂੰ ਕਵਰ ਕਰ ਲਿਆ ਹੈ ਤੇ 5 ਜੁਲਾਈ ਤੱਕ ਬਾਕੀ ਸੂਬਿਆਂ ਨੂੰ ਕਵਰ ਕਰ ਸਕਦਾ ਹੈ। ਯੂ. ਪੀ. ’ਚ ਮਾਨਸੂਨ 8 ਦਿਨ ਲੇਟ ਹੈ। ਇਹ ਆਮ ਤੌਰ ’ਤੇ 20 ਜੂਨ ਤੱਕ ਆ ਜਾਂਦਾ ਹੈ ਪਰ ਇਸ ਵਾਰ 15 ਦਿਨਾਂ ਤੋਂ ਬਿਹਾਰ ਹੱਦ ’ਤੇ ਰੁਕਿਆ ਹੋਇਆ ਹੈ। ਇਹ ਅਗਲੇ 2 ਦਿਨਾਂ ’ਚ ਬਿਹਾਰ ਹੱਦ ਤੋਂ ਸੂਬੇ ’ਚ ਦਾਖਲ ਹੋ ਸਕਦਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ ਅਤੇ ਗੁਜਰਾਤ ਦੇ ਕਈ ਸ਼ਹਿਰਾਂ ’ਚ ਬੁੱਧਵਾਰ ਨੂੰ ਪਾਰਾ 40 ਡਿਗਰੀ ਤੋਂ ਵੱਧ ਰਿਹਾ। ਦੇਸ਼ ’ਚ ਸਭ ਤੋਂ ਵੱਧ ਪਾਰਾ ਹਰਿਆਣਾ ਦੇ ਰੋਹਤਕ ’ਚ 43.4 ਡਿਗਰੀ ਦਰਜ ਕੀਤਾ ਗਿਆ।