ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਹਾਲ ਹੀ ’ਚ ਇਕ ਅਹਿਮ ਫੈਸਲੇ ਵਿਚ ਕਿਹਾ ਕਿ ਨਿਰਧਾਰਤ ਫੁੱਟਪਾਥਾਂ ’ਤੇ ਸੁਰੱਖਿਅਤ ਤਰੀਕੇ ਨਾਲ ਚੱਲਣਾ ਨਾਗਰਿਕਾਂ ਦਾ ਮੌਲਿਕ ਅਧਿਕਾਰ ਹੈ। ਅਦਾਲਤ ਨੇ ਕੇਂਦਰ ਅਤੇ ਸੂਬਿਆਂ ਨੂੰ ਅਜਿਹਾ ਕਾਨੂੰਨ ਬਣਾਉਣ ’ਤੇ ਵਿਚਾਰ ਕਰਨ ਲਈ ਕਿਹਾ ਹੈ, ਜੋ ਇਸ ਅਧਿਕਾਰ ਨੂੰ ਸਪੱਸ਼ਟ ਰੂਪ ’ਚ ਮਾਨਤਾ ਦੇਵੇ। ਇਹ ਟਿੱਪਣੀ ਇਕ ਸਕੂਲੀ ਵਿਦਿਆਰਥੀ ਦੀ ਸੜਕ ਹਾਦਸੇ ’ਚ ਮੌਤ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਕੀਤੀ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਨਗਰ ਨਿਗਮਾਂ ਨੂੰ ਸੜਕ, ਪਾਰਕਿੰਗ, ਸਫ਼ਾਈ, ਰੁੱਖ ਅਤੇ ਫੁੱਟਪਾਥ ਵਰਗੀਆਂ ਸਾਰੀਆਂ ਵਿਵਸਥਾਵਾਂ ਨੂੰ ਜੋੜ ਕੇ ਇਕ ਸਮੁੱਚੀ ਯੋਜਨਾ ਤਿਆਰ ਕਰਨੀ ਹੋਵੇਗੀ, ਤਾਂ ਹੀ ਲੋਕਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਤਰੀਕੇ ਨਾਲ ਚੱਲਣ ਦਾ ਅਧਿਕਾਰ ਮਿਲ ਸਕੇਗਾ।
ਸੜਕਾਂ ਬਣ ਗਈਆਂ ‘ਵਾਹਨਾਂ ਦਾ ਖੇਤਰ’
ਸੁਪਰੀਮ ਕੋਰਟ ਨੇ ਮੰਨਿਆ ਕਿ ਭਾਰਤ ਵਿਚ ਸੜਕ ਨਿਰਮਾਣ ਅਤੇ ਆਵਾਜਾਈ ਵਿਵਸਥਾ ਵਿਚ ਪੈਦਲ ਚੱਲਣ ਵਾਲਿਆਂ ਦੀਆਂ ਲੋੜਾਂ ਨੂੰ ਲੰਬੇ ਸਮੇਂ ਤੋਂ ਅਣਗੌਲਿਆ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਦੇਸ਼ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਦੁਨੀਆ ਵਿਚ ਸਭ ਤੋਂ ਅੱਗੇ ਹੈ। ਮਾਹਰਾਂ ਅਨੁਸਾਰ ਪੈਦਲ ਚੱਲਣ ਵਾਲੇ, ਸਾਈਕਲ ਸਵਾਰ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਵਾਲੇ, ਨਿੱਜੀ ਕਾਰ ਚਾਲਕਾਂ ਦੀ ਤੁਲਨਾ ਵਿਚ ਜ਼ਿਆਦਾ ਅਸੁਰੱਖਿਅਤ ਹਨ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪੈਦਲ ਯਾਤਰੀਆਂ ਦੇ ਅਧਿਕਾਰ ਯਕੀਨੀ ਬਣਾਉਣ ਲਈ ਇਕ ਸਪੱਸ਼ਟ ਪ੍ਰਸ਼ਾਸਨਿਕ ਅਤੇ ਕਾਨੂੰਨੀ ਢਾਂਚਾ ਜ਼ਰੂਰੀ ਹੈ। ਫਿਲਹਾਲ ਫੁੱਟਪਾਥਾਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਕਈ ਵਿਭਾਗਾਂ ਵਿਚ ਵੰਡੀਆਂ ਹੋਈਆਂ ਹਨ, ਜਿਸ ਕਾਰਨ ਜਵਾਬਦੇਹੀ ਤੈਅ ਨਹੀਂ ਹੋ ਪਾਉਂਦੀ।
ਗਰੀਬ ਤਬਕਾ ਸਭ ਤੋਂ ਵੱਧ ਪ੍ਰਭਾਵਿਤ
ਰਿਪੋਰਟ ਅਨੁਸਾਰ ਆਰਥਿਕ ਤੌਰ ’ਤੇ ਕਮਜ਼ੋਰ ਲੋਕ ਮਜਬੂਰੀ ’ਚ ਪੈਦਲ ਚੱਲਦੇ ਜਾਂ ਸਾਈਕਲ ਦੀ ਵਰਤੋਂ ਕਰਦੇ ਹਨ। ਸੁਰੱਖਿਅਤ ਫੁੱਟਪਾਥ ਅਤੇ ਸੜਕ ਵਿਵਸਥਾ ਦੀ ਘਾਟ ਵਿਚ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਔਖੀ ਹੋ ਜਾਂਦੀ ਹੈ। ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ, ਖੇਡਾਂ ਅਤੇ ਆਮ ਲੋਕਾਂ ਦੀ ਸਿਹਤ ’ਤੇ ਵੀ ਪੈਂਦਾ ਹੈ। ਅਦਾਲਤ ਨੇ ਕਿਹਾ ਕਿ ਪੈਦਲ ਚੱਲਣਾ ਸਿਰਫ਼ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਣਾ ਨਹੀਂ ਹੈ, ਬਲਕਿ ਇਹ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਵੀ ਹਿੱਸਾ ਹੈ। ਫੁੱਟਪਾਥ ਗੱਲਬਾਤ, ਛੋਟੇ ਕਾਰੋਬਾਰ, ਸਮਾਜਿਕ ਮੇਲਜੋਲ ਅਤੇ ਬੱਚਿਆਂ ਦੇ ਖੇਡਣ ਵਰਗੀਆਂ ਗਤੀਵਿਧੀਆਂ ਲਈ ਵੀ ਜ਼ਰੂਰੀ ਹਨ।
ਹਾਕਰਾਂ ਅਤੇ ਫੁੱਟਪਾਥ ਵਿਚਾਲੇ ਸੰਤੁਲਨ ਜ਼ਰੂਰੀ
ਇਕ ਲੇਖ ਵਿਚ ਕਿਹਾ ਗਿਆ ਹੈ ਕਿ ਫੁੱਟਪਾਥਾਂ ਨੂੰ ਸਿਰਫ਼ ਖਾਲੀ ਅਤੇ ਸਖ਼ਤ ਢਾਂਚੇ ਦੇ ਰੂਪ ਵਿਚ ਦੇਖਣ ਦੀ ਸੋਚ ਗਲਤ ਹੋਵੇਗੀ। ਰੇਹੜੀ-ਫੜ੍ਹੀ ਵਾਲੇ ਅਤੇ ਛੋਟੇ ਦੁਕਾਨਦਾਰ ਵੀ ਸੜਕੀ ਜੀਵਨ ਦਾ ਅਹਿਮ ਹਿੱਸਾ ਹਨ। ਲੋੜ ਇਸ ਗੱਲ ਦੀ ਹੈ ਕਿ ਪ੍ਰਸ਼ਾਸਨ ਬਿਹਤਰ ਯੋਜਨਾ ਬਣਾ ਕੇ ਪੈਦਲ ਯਾਤਰੀਆਂ ਅਤੇ ਛੋਟੇ ਕਾਰੋਬਾਰੀਆਂ ਦੋਵਾਂ ਲਈ ਇਕ ਸੰਤੁਲਿਤ ਵਿਵਸਥਾ ਤਿਆਰ ਕਰੇ। ਮਾਹਰਾਂ ਦਾ ਮੰਨਣਾ ਹੈ ਕਿ ਸੜਕ ਕਿਨਾਰੇ ਰੁੱਖ, ਬੈਠਣ ਦੀ ਜਗ੍ਹਾ, ਪਾਣੀ ਅਤੇ ਛੋਟੇ ਦੁਕਾਨਦਾਰਾਂ ਦੀ ਮੌਜੂਦਗੀ ਪੈਦਲ ਯਾਤਰੀਆਂ ਲਈ ਮਾਹੌਲ ਨੂੰ ਸੁਰੱਖਿਅਤ ਬਣਾਉਂਦੀ ਹੈ।
ਛੋਟੇ-ਛੋਟੇ ਮਾਡਲਾਂ ਤੋਂ ਅੱਗੇ ਵਧਣ ਦੀ ਲੋੜ
ਦਿੱਲੀ, ਬੈਂਗਲੁਰੂ ਅਤੇ ਅਹਿਮਦਾਬਾਦ ਵਰਗੇ ਸ਼ਹਿਰਾਂ ਵਿਚ ਹਾਲ ਹੀ ਦੇ ਸਾਲਾਂ ਵਿਚ ਕੁਝ ਆਧੁਨਿਕ ਫੁੱਟਪਾਥ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਅਜੇ ਸੀਮਤ ਇਲਾਕਿਆਂ ਤੱਕ ਹੀ ਸਿਮਟਿਆ ਹੋਇਆ ਹੈ। ਲੋੜ ਇਸ ਗੱਲ ਦੀ ਹੈ ਕਿ ਸੁਰੱਖਿਅਤ ਪੈਦਲ ਮਾਰਗਾਂ ਦਾ ਨੈੱਟਵਰਕ ਹਰ ਮੁਹੱਲੇ ਅਤੇ ਹਰ ਸੜਕ ਤੱਕ ਪਹੁੰਚੇ।















