ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ‘ਚ ਡਬਲ ਡੈਕਰ ਏਸੀ ਬੱਸ ‘ਚ ਸ਼ੁੱਕਰਵਾਰ ਸਵੇਰੇ 7 ਵਜੇ ਅੱਗ ਲੱਗ ਗਈ। ਯਾਤਰੀਆਂ ਨੇ ਖਿੜਕੀਆਂ ਅਤੇ ਦਰਵਾਜ਼ਿਆਂ ਤੋਂ ਛਾਲ ਮਾਰ ਕੇ ਜਾਨ ਬਚਾਈ। ਅੱਗ ਇੰਨੀ ਭਿਆਨਕ ਸੀ ਕਿ ਧੂੰਏਂ ਦਾ ਗੁਬਾਰ 2 ਕਿਲੋਮੀਟਰ ਦੂਰ ਤੋਂ ਦਿਖਾਈ ਪੈ ਰਿਹਾ ਸੀ। ਨੇੜੇ-ਤੇੜੇ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ।
ਫਾਇਰ ਬ੍ਰਿਗੇਡ ਦੀ ਟੀਮ ਬੁਲਾਈ ਗਈ ਪਰ ਉਦੋਂ ਤੱਕ ਬੱਸ ਲਗਭਗ ਸੜ ਚੁੱਕੀ ਸੀ। ਹਾਦਸਾ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਦੌਰਾਲਾ ਥਾਣਾ ਖੇਤਰ ਦੇ ਦਾਦਰੀ ਫਲਾਈਓਵਰ ਨੇੜੇ ਹੋਇਆ। 26 ਯਾਤਰੀਆਂ ਨਾਲ ਭਰੀ ਬੱਸ ਜੈਪੁਰ ਤੋਂ ਹਰਿਦੁਆਰ ਜਾ ਰਹੀ ਸੀ। ਯਾਤਰੀਆਂ ਨੂੰ ਦੂਜੀ ਬੱਸ ਰਾਹੀਂ ਹਰਿਦੁਆਰ ਭੇਜਿਆ ਗਿਆ।
ਪੁਲਸ ਅਨੁਸਾਰ, ਬੱਸ ‘ਚ ਧੂੰਆਂ ਉੱਠਣ ਬਾਰੇ ਪਿੱਛੇ ਤੋਂ ਆ ਰਹੇ ਬਾਈਕ ਸਵਾਰ ਨੇ ਓਵਰਟੇਕ ਕਰ ਕੇ ਡਰਾਈਵਰ ਨੂੰ ਜਾਣਕਾਰੀ ਦਿੱਤੀ। ਡਰਾਈਵਰ ਨੇ ਤੁਰੰਤ ਬੱਸ ਨੂੰ ਸੜਕ ਕਿਨਾਰੇ ਲਗਾਇਆ। ਜਲਦੀ ‘ਚ ਸਾਰੇ ਯਾਤਰੀ ਬੱਸ ਤੋਂ ਹੇਠਾਂ ਉਤਰ ਗਏ। ਇਸ ਤੋਂ ਬਾਅਦ ਬੱਸ ‘ਚ ਅੱਗ ਫੈਲ ਗਈ। 20-25 ਮਿੰਟਾਂ ‘ਚ ਬੱਸ ਸੜ ਕੇ ਸੁਆਹ ਹੋ ਗਈ।















