ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਟ ਦੀ ਮੁੜ-ਪ੍ਰੀਖਿਆ ਸਫ਼ਲ ਢੰਗ ਨਾਲ ਮੁਕੰਮਲ ਹੋਣ ’ਤੇ ਤਸੱਲੀ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਦੇ ਲਈ ਸਾਰੇ ਮੰਤਰੀਆਂ ਦੀ ਸ਼ਲਾਘਾ ਵੀ ਕੀਤੀ। ਕੈਬਨਿਟ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਭ ਇਕਜੁੱਟ ਹੋ ਕੇ ਕੰਮ ਕਰਨ ਤਾਂ ਕਿਸੇ ਵੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਪੀ. ਐੱਮ. ਮੋਦੀ ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਨੀਟ ਦੀ ਮੁੜ-ਪ੍ਰੀਖਿਆ ਸਬੰਧੀ ਚਰਚਾ ਹੋਈ।
ਇਸ ਦੌਰਾਨ ਪੀ. ਐੱਮ. ਨੇ ਬਿਨਾਂ ਕਿਸੇ ਰੁਕਾਵਟ ਦੇ ਪਵਿੱਤਰਤਾ ਨਾਲ ਨੀਟ ਦੀ ਮੁੜ-ਪ੍ਰੀਖਿਆ ਮੁਕੰਮਲ ਹੋਣ ’ਤੇ ਸਮੂਹਿਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦੇ ਆਯੋਜਨ ਵਿਚ ਪੂਰੀ ਸਰਕਾਰੀ ਪ੍ਰਣਾਲੀ ਨੇ ਮਿਲ ਕੇ ਕੰਮ ਕੀਤਾ। ਅਜਿਹੇ ਮੌਕਿਆਂ ’ਤੇ ਅੱਗੇ ਵੀ ਇਹੀ ਤਰੀਕਾ ਰਹਿਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਨੀਟ ਦੀ ਮੁੜ-ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਕੈਬਨਿਟ ਵਿਚ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਵੱਖ-ਵੱਖ ਮੰਤਰਾਲਿਆਂ, ਸੂਬਾ ਸਰਕਾਰਾਂ ਤੇ ਵਿਭਾਗਾਂ ਨੇ ਮਿਲ ਕੇ ਕੰਮ ਕੀਤਾ।















