ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਕਥਿਤ ਵੀਡੀਓ ਦੀ ਫਰਜ਼ੀ ਰਿਪੋਰਟ ਨੂੰ ਲੈ ਕੇ ਸਿਆਸਤ ਜ਼ੋਰਾਂ ‘ਤੇ ਹੈ। ਇਸ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਇਸ ਮਾਮਲੇ ‘ਤੇ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਜਨ ਸਭਾ ਨੂੰ ਸੰਬੋਧ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਕਿਸੇ ਡੁਪਲੀਕੇਟ ਲੈਬ ਵਿਚ ਜਾ ਕੇ ਆਪਣੀ ਰਿਪੋਰਟ ਬਦਲਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਗ ਸਿਰ ਦਾ ਤਾਜ਼ ਹੈ, ਗੁਰੂਆਂ ਵੱਲੋਂ ਬਖਸ਼ਿਸ਼ ਇਸ ਦਾਤ ਦਾ ਸਭ ਨੂੰ ਸਤਿਕਾਰ ਕਰਨਾ ਚਾਹੀਦਾ ਹੈ ਪਰ ਅੱਜ ਜੋ ਪੰਜਾਬ ਦੇ ਹਾਲਾਤ ਬਣ ਗਏ ਹਨ, ਇਸ ਤੋਂ ਹਰ ਕੋਈ ਹੈਰਾਨ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤਾਂ ਚੁਟਕੁਲੇ ਸੁਣਾ ਕੇ ਚਲੇ ਜਾਂਦੇ ਹਨ ਪਰ ਚੁਟਕੁਲਿਆਂ ਨਾਲ ਸਿਰਫ ਸਿਨੇਮਾ ਚੱਲਦਾ ਹੈ ਸਰਕਾਰ ਨਹੀਂ। ਪੰਜਾਬ ਵਿਚ ਸਿਰਫ ਗੱਲਾਂ ਹੋ ਰਹੀਆਂ, ਲੋਕ ਵੀ ਇਨ੍ਹਾਂ ਚੁਟਕਲਿਆਂ ਉਪਰ ਹੱਸ ਲੈਂਦੇ ਹਨ। ਸੈਣੀ ਨੇ ਕਿਹਾ ਕਿ ਅੱਜ ਜੋ ਕੁੱਝ ਵੀ ਪੰਜਾਬ ਵਿਚ ਹੋ ਰਿਹਾ ਹੈ, ਮੈਂ ਉਸ ਦੀ ਚਰਚਾ ਨਹੀਂ ਕਰਾਂਗਾ ਪਰ ਇਹ ਦੁਖਦਾਈ ਹੈ।
ਹਰਿਆਣਾ ਵਿਚ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਹੜਾ ਆਪਣੇ ਕਿਸਾਨਾਂ ਨੂੰ ਪੂਰੀ ਫਸਲ ਦੀ ਐੱਮਐੱਸਪੀ ਦੇ ਰਿਹਾ ਹੈ। ਪਿਛਲੇ 12 ਸਾਲਾਂ ਵਿਚ ਜੇ ਕਿਸਾਨ ਦੀ ਫਸਲ ਨੁਕਸਾਨੀ ਗਈ ਹੈ ਤਾਂ ਭਾਜਪਾ ਸਰਕਾਰ ਨੇ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਕੰਮ ਕੀਤਾ ਹੈ, ਜਿਸ ਲਈ ਹੁਣ ਤਕ ਸਾਢੇ 12 ਹਜ਼ਾਰ ਕਰੋੜ ਰੁਪਿਆ ਜਾਰੀ ਕੀਤਾ ਜਾ ਚੁੱਕਾ ਹੈ। ਹਰਿਆਣਾ ਵਿਚ ਕਿਸਾਨ ਨੂੰ ਸੜਕਾਂ ‘ਤੇ ਆਲੂ ਸੁੱਟਣ ਦੀ ਨੌਬਤ ਨਹੀਂ ਆਉਂਦੀ, ਜੇ ਕਿਸਾਨ ਦੀ ਫਸਲ ਮੰਡੀ ਵਿਚ ਸਸਤੇ ਭਾਅ ‘ਤੇ ਜਾਂਦੀ ਹੈ ਤਾਂ ਉਸ ਦੀ ਭਰਪਾਈ ਖੁਦ ਸਰਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਐਲਾਨ ਕੀਤਾ ਗਿਆ ਸੀ ਕਿ ਫਸਲ ਐੱਮ. ਐੱਸ. ਪੀ. ਉਪਰ ਖਰੀਦੀ ਜਾਵੇਗੀ ਪਰ ਇਹ ਵਾਅਦਾ ਵਫਾ ਨਹੀਂ ਹੋਇਆ।















