ਇਜ਼ਰਾਈਲ ਨੂੰ ਅੱਖਾਂ ਬੰਦ ਕਰ ਕੇ ਸਮਰਥਨ ਭਾਰਤੀ ਹਿੱਤਾਂ ਲਈ ਹਾਨੀਕਾਰਕ : ਜੈਰਾਮ ਰਮੇਸ਼

ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸਮਝੌਤੇ ਲਈ ਇਜ਼ਰਾਈਲ ਸਭ ਤੋਂ ਵੱਡਾ ਖਤਰਾ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਇਜ਼ਰਾਈਲ ਦਾ ਅੱਖਾਂ ਬੰਦ ਕਰ ਕੇ ਸਮਰਥਨ ਕਰਨ ਨਾਲ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅਮਰੀਕਾ-ਈਰਾਨ ਵਿਚਾਲੇ ਹੋਏ ਹਾਲੀਆ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਇਹ ਵੀ ਕਿਹਾ ਕਿ ਇਸ ਸਮਝੌਤੇ ਦਾ ਦੁਨੀਆ ਭਰ ‘ਚ ਸਰਗਰਮੀ ਨਾਲ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਜ਼ਰਾਈਲ ਦੇ ਰਾਸ਼ਟਰੀ ਸੁਰੱਖਿਆ ਮੰਤਰੀ ਨੇ ‘ਪੂਰੇ ਲੈਬਨਾਨ ਨੂੰ ਸਾੜ ਦੇਣ’ ਦੀ ਗੱਲ ਕਹੀ ਹੈ, ਜਿਸ ਦੀ ਵਿਆਪਕ ਪੱਧਰ ‘ਤੇ ਨਿੰਦਾ ਹੋਈ ਹੈ।
ਉਨ੍ਹਾਂ ਕਿਹਾ,”ਹਮੇਸ਼ਾ ਦੀ ਤਰ੍ਹਾਂ ਮੋਦੀ ਸਰਕਾਰ ਇਸ ਮੁੱਦੇ ‘ਤੇ ਪੂਰੀ ਤਰ੍ਹਾਂ ਚੁੱਪ ਹੈ। ਪ੍ਰਧਾਨ ਮੰਤਰੀ ਦਾ ਇਜ਼ਰਾਈਲ ਦਾ ਅੱਖਾਂ ਬੰਦ ਕਰ ਕੇ ਸਮਰਥਨ ਕਰਨਾ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਭਾਵੇਂ ਹੀ ਇਸ ਨਾਲ ‘ਮੋਦਾਨੀ’ ਸਾਮਰਾਜ ਦੇ ਹਿੱਤ ਸੁਰੱਖਿਅਤ ਹੋ ਰਹੇ ਹੋਣ।” ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸ਼ਾਂਤੀ ਲਈ ਇਕ ਅਹਿਮ ਸਮਝੌਤੇ ‘ਤੇ ਦਸਤਖ਼ਤ ਕੀਤੇ। ਇਸ ਸਮਝੌਤੇ ਦੇ ਅਧੀਨ ਸਾਰੀਆਂ ਫ਼ੌਜ ਗਤੀਵਿਧੀਆਂ ਨੂੰ ਤੁਰੰਤ ਰੋਕਣ, ਹੋਰਮੁਜ਼ ਸਟ੍ਰੇਟ ਨੂੰ ਮੁੜ ਖੋਲ੍ਹਣ ਅਤੇ ਈਰਾਨੀ ਬੰਦਰਗਾਹਾਂ ‘ਤੇ ਅਮਰੀਕੀ ਜਲ ਸੈਨਾ ਦੀ ਨਾਕੇਬੰਦੀ ਹਟਾਉਣ ‘ਤੇ ਸਹਿਮਤੀ ਬਣੀ ਹੈ।