ਦਰਿੰਦਗੀ ਦੀ ਹੱਦ ਪਾਰ; ਔਰਤ ਨਾਲ ਗੈਂਗਰੇਪ ਕਰਨ ਮਗਰੋਂ ਬਲੇਡ ਨਾਲ ਸਰੀਰ ‘ਤੇ ਕੀਤੇ ਵਾਰ, ਫਿਰ…

ਬੇਗੂਸਰਾਏ- ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ‘ਚ ਇਕ 30 ਸਾਲਾ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਘਟਨਾ ਤੋਂ ਕਈ ਦਿਨਾਂ ਬਾਅਦ ਇਲਾਜ ਦੌਰਾਨ ਡਾਕਟਰਾਂ ਨੇ ਔਰਤ ਦੇ ਨਿੱਜੀ ਅੰਗ ‘ਚੋਂ ਪੱਥਰ ਅਤੇ ਲੱਕੜ ਦਾ ਟੁਕੜਾ ਕੱਢਿਆ। ਪੀੜਤਾ ਦੇ ਅਨੁਸਾਰ, ਇਹ ਘਟਨਾ 11 ਜੂਨ ਨੂੰ ਚੱਕੀਆ ਖੇਤਰ ‘ਚ ਵਾਪਰੀ ਜਦੋਂ ਉਹ ਟਾਇਲਟ ਲਈ ਘਰ ਤੋਂ ਬਾਹਰ ਨਿਕਲੀ ਸੀ। ਔਰਤ ਨੇ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ 5 ਲੋਕਾਂ ਨੇ ਉਸ ਨੂੰ ਜ਼ਬਰਨ ਫੜ ਲਿਆ ਅਤੇ ਇਕ ਸੁੰਨਸਾਨ ਜਗ੍ਹਾ ਲੈ ਗਏ, ਜਿੱਥੇ ਉਸ ਦੇ ਹੱਥ-ਪੈਰ ਬੰਨ੍ਹ ਉਸ ਨਾਲ ਜਬਰ ਜ਼ਿਨਾਹ ਕੀਤਾ ਗਿਆ।
12 ਨੂੰ ਮਿਲੀ ਸੀ ਹਸਪਤਾਲ ਤੋਂ ਛੁੱਟੀ
ਬੈਗੂਸਰਾਏ ਦੇ ਪੁਲਸ ਸੁਪਰਡੈਂਟ (ਐੱਸਪੀ) ਮਨੀਸ਼ ਨੇ ਕਿਹਾ,”ਘਟਨਾ ਦੀ ਜਾਂਚ ਲਈ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਮਾਮਲੇ ਦੀ ਸਾਰੇ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਕ ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਦਾ ਵੀ ਗਠਨ ਕੀਤਾ ਗਿਆ ਹੈ। ਫਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।” ਪੀੜਤਾ ਨੇ ਆਪਣੀ ਸ਼ਿਕਾਇਤ ‘ਚ ਇਹ ਵੀ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਉਸ ਨੂੰ ਛੱਡਣ ਤੋਂ ਪਹਿਲਾਂ ਕਿਸੇ ਤੇਜ਼ਧਾਰ ਵਸਤੂ (ਬਲੇਡ) ਨਾਲ ਉਸ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ ਸੱਟ ਪਹੁੰਚਾਈ। ਐੱਸਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਔਰਤ ਦਾ ਇਲਾਜ ਕਰਵਾਇਆ ਗਿਆ ਸੀ ਅਤੇ 12 ਜੂਨ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਡਾਕਟਰਾਂ ਨੇ ਨਿੱਜੀ ਅੰਗ ‘ਚੋਂ ਪੱਥਰ ਅਤੇ ਲੱਕੜੀ ਦਾ ਟੁਕੜਾ ਕੱਢਿਆ
ਉਨ੍ਹਾਂ ਕਿਹਾ ਕਿ ਘਟਨਾ ਦੇ ਤੁਰੰਤ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਸੀ। ਹਾਲਾਂਕਿ ਪੀੜਤਾ ਦਾ ਕਹਿਣਾ ਹੈ ਕਿ ਘਰ ਆਉਣ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਦਰਦ ਬਣਿਆ ਰਿਹਾ। ਇਸ ਤੋਂ ਬਾਅਦ 17 ਜੂਨ ਨੂੰ ਉਸ ਨੂੰ ਮੁੜ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵਿਸਤ੍ਰਿਤ ਮੈਡੀਕਲ ਜਾਂਚ ਕੀਤੀ ਗਈ। ਪੁਲਸ ਸੂਤਰਾਂ ਅਨੁਸਾਰ, ਇਲਾਜ ਦੌਰਾਨ ਡਾਕਟਰਾਂ ਨੇ ਉਸ ਦੇ ਨਿੱਜੀ ਅੰਗ ‘ਚੋਂ ਪੱਥਰ ਅਤੇ ਲੱਕੜੀ ਦਾ ਟੁਕੜਾ ਕੱਢਿਆ।
3 ਮਹੀਨੇ ਪਹਿਲਾਂ ਵੀ ਹੋਈ ਸੀ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼
ਪੀੜਤਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਘਟਨਾ ਦੀ ਜਾਣਕਾਰੀ ਪੁਲਸ ਨੂੰ ਦੇਣ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਅਜੇ ਤੱਕ ਕੋਈ ਪ੍ਰਭਾਵੀ ਕਾਰਵਾਈ ਨਹੀਂ ਕੀਤੀ ਗਈ ਹੈ। ਪਰਿਵਾਰ ਦਾ ਇਹ ਵੀ ਦਾਅਵਾ ਹੈ ਕਿ ਦੋਸ਼ੀਆਂ ‘ਚ ਸ਼ਾਮਲ ਕੁਝ ਲੋਕ ਲਗਭਗ ਤਿੰਨ ਮਹੀਨੇ ਪਹਿਲਾਂ ਹੀ ਪੀੜਤਾ ਦੇ ਘਰ ਆਏ ਸਨ, ਉਸ ਨਾਲ ਕੁੱਟਮਾਰ ਕੀਤੀ ਸੀ ਅਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਸੀ।