ਡਰੋਨ ਦਾਗ ਉਡਾ’ਤੀ ਰਿਫਾਈਨਰੀ ! ਯੂਕ੍ਰੇਨ ਨੇ ਰੂਸ ‘ਤੇ ਢਾਹਿਆ ਕਹਿਰ, ਕਈ ਥਾਂਈਂ ਹੋਏ ਧਮਾਕੇ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਦੀ ਜੰਗ ਤਾਂ ਖ਼ਤਮ ਹੋ ਗਈ ਹੈ, ਪਰ ਰੂਸ-ਯੂਕ੍ਰੇਨ ਵਿਚਾਲੇ ਰੁਕ-ਰੁਕ ਕੇ ਚੱਲਦੀ ਆ ਰਹੀ ਜੰਗ ਇਕ ਵਾਰ ਫ਼ਿਰ ਤੋਂ ਖ਼ਤਰਨਾਕ ਰੂਪ ਧਾਰਨ ਕਰ ਗਈ ਹੈ। ਵੀਰਵਾਰ ਨੂੰ ਯੂਕ੍ਰੇਨ ਨੇ ਡਰੋਨ ਹਮਲੇ ਕਰ ਕੇ ਰੂਸ ਦੀ ਰਾਜਧਾਨੀ ਮਾਸਕੋ ‘ਚ ਤੜਥੱਲੀ ਮਚਾ ਦਿੱਤੀ ਹੈ। ਹਮਲੇ ‘ਚ ਮਾਸਕੋ ਸਥਿਤ ਇਕ ਪ੍ਰਮੁੱਖ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ ਹੈ। ਇਸ ਹਮਲੇ ਤੋਂ ਬਾਅਦ ਰਿਫਾਇਨਰੀ ‘ਚ ਭਿਆਨਕ ਅੱਗ ਲੱਗ ਗਈ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਦੇਖੇ ਗਏ ਹਨ।
ਸਥਾਨਕ ਰਿਪੋਰਟਾਂ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਵੀਡੀਓਜ਼ ਮੁਤਾਬਕ, ਯੂਕ੍ਰੇਨੀ ਡਰੋਨਾਂ ਨੇ ਸਿੱਧਾ ਮਾਸਕੋ ਦੀ ਇਸ ਰਿਫਾਈਨਰੀ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਤੁਰੰਤ ਬਾਅਦ ਰਿਫਾਇਨਰੀ ਦੇ ਕਈ ਹਿੱਸਿਆਂ ਵਿੱਚੋਂ ਤੇਜ਼ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਆਲਮ ਇਹ ਸੀ ਕਿ ਰਿਫਾਈਨਰੀ ਦੀ ਪੂਰੀ ਛੱਤ ਹੀ ਹਵਾ ‘ਚ ਕਈ ਫੁੱਟ ਉੱਚੀ ਉੱਡ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਰੂਸੀ ਰੱਖਿਆ ਅਧਿਕਾਰੀਆਂ ਮੁਤਾਬਕ ਉਨ੍ਹਾਂ ਦੇ ਏਅਰ ਡਿਫੈਂਸ ਸਿਸਟਮ ਨੇ ਮਾਸਕੋ ਵੱਲ ਵਧ ਰਹੇ ਕਈ ਯੂਕ੍ਰੇਨੀ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ ਹੈ, ਪਰ ਇਸ ਦੇ ਬਾਵਜੂਦ ਕੁਝ ਡਰੋਨ ਸਿੱਧੇ ਰਿਫਾਇਨਰੀ ਤੱਕ ਜਾ ਪਹੁੰਚੇ, ਜਿਸ ਕਾਰਨ ਰਿਫਾਈਨਰੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਉੱਥੇ ਹੀ ਯੂਕ੍ਰੇਨੀ ਰਾਸ਼ਟਰਪਤੀ ਜ਼ੈਲੇਂਸਕੀ ਨੇ ਵੀਡੀਓ ਸ਼ੇਅਰ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਯੂਕ੍ਰੇਨ ਨੇ ਇਸ ਹਫ਼ਤੇ ਦੂਜੀ ਵਾਰ ਮਾਸਕੋ ‘ਤੇ ਵੱਡਾ ਹਮਲਾ ਕੀਤਾ ਹੈ ਤੇ ਤੇਲ ਰਿਫਾਈਨਰੀ ਨੂੰ ਨਿਸ਼ਾਨਾ ਬਣਾਇਆ ਹੈ।
ਫਿਲਹਾਲ ਐਮਰਜੈਂਸੀ ਸਰਵਿਸਿਜ਼ ਦੇ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਹਨ ਤੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਧਿਕਾਰੀਆਂ ਵੱਲੋਂ ਅਜੇ ਤੱਕ ਇਸ ਹਮਲੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪੂਰੇ ਸ਼ਹਿਰ ‘ਚ ਫੈਲਿਆ ਧੂੰਏਂ ਦਾ ਗੁਬਾਰ ਇਸ ਗੱਲ ਦੀ ਹਾਮੀ ਜ਼ਰੂਰ ਭਰਦਾ ਹੈ ਕਿ ਹਮਲੇ ਕਾਰਨ ਮਾਸਕੋ ਨੂੰ ਵੱਡੇ ਪੱਧਰ ‘ਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਯੂਕ੍ਰੇਨ ਨੇ ਰੂਸ ਦੇ ਅੰਦਰੂਨੀ ਹਿੱਸਿਆਂ, ਖ਼ਾਸ ਕਰਕੇ ਤੇਲ ਡਿਪੂਆਂ, ਰਿਫਾਇਨਰੀਆਂ ਅਤੇ ਫ਼ੌਜੀ ਟਿਕਾਣਿਆਂ ‘ਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ। ਯੂਕ੍ਰੇਨ ਦਾ ਮਕਸਦ ਰੂਸੀ ਸੈਨਾ ਦੀ ਹਵਾਈ ਸਪਲਾਈ ਅਤੇ ਉਸ ਦੀ ਆਰਥਿਕ ਰੀੜ੍ਹ ਦੀ ਹੱਡੀ-ਤੇਲ ਸਪਲਾਈ ਨੂੰ ਕਮਜ਼ੋਰ ਕਰਨਾ ਹੈ।