ਝਾਰਖੰਡ ‘ਚ ਡਿੱਗੀ ਅਸਮਾਨੀ ਬਿਜਲੀ, 3 ਔਰਤਾਂ ਸਮੇਤ 7 ਲੋਕਾਂ ਦੀ ਮੌਤ

ਰਾਂਚੀ : ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਖ਼ਰਾਬ ਮੌਸਮ ਤਬਾਹੀ ਮਚਾ ਰਿਹਾ ਹੈ। ਇਸ ਦੌਰਾਨ ਬਿਜਲੀ ਡਿੱਗਣ ਨਾਲ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਤਿੰਨ ਔਰਤਾਂ ਅਤੇ ਇੱਕ 10 ਸਾਲ ਦਾ ਲੜਕਾ ਸ਼ਾਮਲ ਹੈ। ਇਸ ਘਟਨਾ ਦੀ ਜਾਣਕਾਰੀ ਐਤਵਾਰ ਨੂੰ ਪੁਲਸ ਨੇ ਦਿੱਤੀ। ਇਸ ਦੇ ਨਾਲ ਹੀ ਰਾਂਚੀ ਅਤੇ ਗੜ੍ਹਵਾ ਜ਼ਿਲ੍ਹਿਆਂ ਵਿੱਚ ਦੋ-ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ ਘਟਨਾਵਾਂ ਚਤਰਾ, ਗਿਰੀਡੀਹ ਅਤੇ ਸਰਾਏਕੇਲਾ-ਖਰਸਾਵਨ ਜ਼ਿਲ੍ਹਿਆਂ ਵਿੱਚ ਵਾਪਰੀਆਂ ਹਨ। ਇੱਕ ਪੁਲਸ ਅਧਿਕਾਰੀ ਨੇ ਐਤਵਾਰ ਸਵੇਰੇ ਕਿਹਾ, ਪਿਛਲੇ 24 ਘੰਟਿਆਂ ਵਿੱਚ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਡਿੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਜਾਨ ਚਲੀ ਗਈ ਹੈ।”
ਪਿਥੋਰੀਆ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਸੱਤਿਆਦੇਵ ਪ੍ਰਸਾਦ ਨੇ ਕਿਹਾ, “ਰਾਂਚੀ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਪਛਾਣ ਬਾਧੂ ਪਿੰਡ ਦੇ ਜੀਤੂ ਮਹਾਲੀ (55) ਅਤੇ ਕਟਾਮਕੁਲੀ ਪਿੰਡ ਦੇ ਨੀਰਾਸੋ ਦੇਵੀ (33) ਵਜੋਂ ਹੋਈ ਹੈ। ਦੋਵੇਂ ਖੇਤਾਂ ਵਿੱਚ ਕੰਮ ਕਰ ਰਹੇ ਸਨ, ਜਦੋਂ ਉਨ੍ਹਾਂ ‘ਤੇ ਬਿਜਲੀ ਡਿੱਗ ਪਈ।” ਉਨ੍ਹਾਂ ਕਿਹਾ ਕਿ ਦੋਵੇਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਇੱਕ ਹੋਰ ਪੁਲਸ ਅਧਿਕਾਰੀ ਦੇ ਅਨੁਸਾਰ ਗੜਵਾ ਜ਼ਿਲ੍ਹੇ ਵਿੱਚ ਵੀ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਖਰੋਂਡੀ ਥਾਣਾ ਖੇਤਰ ਦੇ ਸੁੰਡੀ ਪਿੰਡ ਦੀ ਵਸਨੀਕ ਰੀਨਾ ਦੇਵੀ (30) ਅਤੇ ਕੇਤਰ ਥਾਣਾ ਖੇਤਰ ਦੇ ਮੁਕੁੰਦਪੁਰ ਪਿੰਡ ਦੇ ਵਸਨੀਕ ਰਾਮਾਵਤਾਰ ਪਾਲ (65) ਵਜੋਂ ਹੋਈ ਹੈ।