‘ਸਾਨੂੰ ਜਵਾਬ ਦੇਣਾ ਪਵੇਗਾ…’, ਅਪਾਚੇ ਹੈਲੀਕਾਪਟਰ ਡਿੱਗਣ ਮਗਰੋਂ ਟਰੰਪ ਦਾ ਵੱਡਾ ਬਿਆਨ

ਵਾਸ਼ਿੰਗਟਨ: ਈਰਾਨ ਨੇ ਹੋਰਮੁਜ਼ ਦੇ ਰਣਨੀਤਕ ਜਲਮਾਰਗ ਦੇ ਉੱਪਰ ਗਸ਼ਤ ਕਰ ਰਹੇ ਇੱਕ ਅਮਰੀਕੀ ਅਪਾਚੇ ਹੈਲੀਕਾਪਟਰ ਨੂੰ ਡੇਗ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਘਟਨਾ ਈਰਾਨ ਦੇ ਸਿਰ ਮੜਦਿਆਂ ਕਿਹਾ ਕਿ ਅਮਰੀਕਾ ਇਸ ਹਮਲੇ ਦਾ ਜਵਾਬ ਜ਼ਰੂਰ ਦੇਵੇਗਾ।
ਅਮਰੀਕੀ ਫੌਜ ਦੇ ਮੁਤਾਬਕ AH-64 ਅਪਾਚੇ ਹੈਲੀਕਾਪਟਰ ਸਥਾਨਕ ਸਮੇਂ ਅਨੁਸਾਰ ਮੰਗਲਵਾਰ ਤੜਕੇ 3 ਵਜੇ ਈਰਾਨ ਦੇ ਕੰਟਰੋਲ ਵਾਲੇ ਹੋਰਮੁਜ਼ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਹੈਲੀਕਾਪਟਰ ਵਿੱਚ ਸਵਾਰ ਦੋਵੇਂ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਅਮਰੀਕੀ ਕੇਂਦਰੀ ਕਮਾਂਡ ਨੇ ਦੱਸਿਆ ਕਿ ਦੋਵਾਂ ਪਾਇਲਟਾਂ ਨੂੰ ਘਟਨਾ ਦੇ ਲਗਭਗ ਦੋ ਘੰਟਿਆਂ ਦੇ ਅੰਦਰ ਹੀ ਬਚਾ ਲਿਆ ਗਿਆ ਸੀ। ਉਨ੍ਹਾਂ ਦੀ ਭਾਲ ਅਤੇ ਬਚਾਅ ਕਾਰਜ ਵਿੱਚ ਯੂਐਸ ਨੇਵੀ ਦੇ ਇੱਕ ਸਰਫੇਸ ਡਰੋਨ ਦੀ ਮਦਦ ਲਈ ਗਈ।
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ, “ਮੈਨੂੰ ਸਾਡੀ ਮਹਾਨ ਫੌਜ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਬੀਤੀ ਰਾਤ ਈਰਾਨੀਆਂ ਨੇ ਸਾਡੇ ਇੱਕ ਬਹੁਤ ਹੀ ਆਧੁਨਿਕ ਅਪਾਚੇ ਹੈਲੀਕਾਪਟਰ ਨੂੰ ਡੇਗ ਦਿੱਤਾ ਹੈ। ਦੋਵੇਂ ਪਾਇਲਟ ਸੁਰੱਖਿਅਤ ਹਨ, ਫਿਰ ਵੀ ਅਮਰੀਕਾ ਨੂੰ ਇਸ ਹਮਲੇ ਦਾ ਜਵਾਬ ਦੇਣਾ ਪਵੇਗਾ”।
ਬਾਅਦ ‘ਚ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਪਾਇਲਟਾਂ ਦੀ ਸਲਾਮਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ “ਕੋਈ ਵੀ ਜ਼ਖਮੀ ਨਹੀਂ ਹੋਇਆ”। ਹਾਲਾਂਕਿ ਟਰੰਪ ਨੇ ਈਰਾਨੀ ਹਮਲੇ ਦਾ ਦਾਅਵਾ ਕੀਤਾ ਹੈ, ਪਰ ਅਜੇ ਤੱਕ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹੈਲੀਕਾਪਟਰ ਈਰਾਨੀ ਗੋਲੀਬਾਰੀ ਕਾਰਨ ਡਿੱਗਿਆ ਸੀ ਜਾਂ ਕਿਸੇ ਤਕਨੀਕੀ ਖਰਾਬੀ ਕਾਰਨ। ਟਰੰਪ ਨੇ ਕਿਹਾ ਕਿ ਇਸ ਘਟਨਾ ਦੇ ਕਾਰਨਾਂ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਮੰਗਲਵਾਰ ਨੂੰ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।