ਮੰਗਣੀ ‘ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ ! 6 ਜਣਿਆਂ ਦੀ ਮੌਤ, ਉੱਡੇ ਪਰਖੱਚੇ

ਨੈਸ਼ਨਲ ਡੈਸਕ : ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਤੇਜ਼ ਰਫ਼ਤਾਰ ਕਾਰ, ਮੋਟਰਸਾਈਕਲ ਅਤੇ ਬੱਸ ਦੇ ਆਪਸ ਵਿਚ ਟਕਰਾਉਣ ਦੀ ਸੂਚਨਾ ਮਿਲੀ। ਇਸ ਹਾਦਸੇ ‘ਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੇ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਜਲਗਾਓਂ ਦੇ ਅਮਲਨੇਰ ਵਿੱਚ ਲੋਂਡੇ ਫਾਟਾ ਨੇੜੇ ਵਾਪਰੀ ਹੈ, ਜਿਸ ਤੋਂ ਬਾਅਦ ਉਕਤ ਸਥਾਨ ‘ਤੇ ਚੀਕ-ਚਿਹਾੜਾ ਮਚ ਗਿਆ।
ਮਾਮਲੇ ਦੀ ਜਾਂਚ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਕਾਰ ਵਿਚ ਸਵਾਰ ਲੋਕ ਗੁਜਰਾਤ ਤੋਂ ਮੰਗਣੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸ ਦੌਰਾਨ ਰਾਸਤੇ ਵਿਚ ਉਨ੍ਹਾਂ ਦੀ ਗੱਡੀ ਇੱਕ ਮੋਟਰਸਾਈਕਲ ਨਾਲ ਟਕਰਾ ਗਈ। ਇਸ ਟੱਕਰ ਤੋਂ ਬਾਅਦ ਮੋਟਰਸਾਈਕਲ ਉਲਟ ਦਿਸ਼ਾ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਕਾਰ ਵਿੱਚ ਸਵਾਰ ਚਾਰ ਲੋਕ – ਨੰਦਲਾਲ ਮਹਾਜਨ, ਅਨੀਤਾ ਮਹਾਜਨ, ਸੁਰੇਸ਼ ਮਹਾਜਨ ਅਤੇ ਨਿਰਮਲਾ ਮਹਾਜਨ – ਅਤੇ ਦੋ ਮੋਟਰਸਾਈਕਲ ਸਵਾਰ, ਜਿਨ੍ਹਾਂ ਦੀ ਪਛਾਣ ਨੀਲੇਸ਼ ਤਾਵੜੇ ਅਤੇ ਫਾਲਗੁਨੀ ਭੋਈ ਵਜੋਂ ਹੋਈ ਹੈ, ਦੀ ਹਾਦਸੇ ਵਿੱਚ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਆਦਿੱਤਿਆ ਮਹਾਜਨ ਦੀ ਲੱਤ ਟੁੱਟ ਗਈ ਅਤੇ ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਥਾਨਕ ਨਿਵਾਸੀ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ ਅਤੇ ਬਚਾਅ ਕਾਰਜ ਵਿੱਚ ਪੁਲਸ ਅਤੇ ਮੈਡੀਕਲ ਟੀਮਾਂ ਦੀ ਸਹਾਇਤਾ ਕੀਤੀ। ਪੁਲਸ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।