ਇੰਟਰਨੈਸ਼ਨਲ ਡੈਸਕ- ਦੱਖਣ-ਪੂਰਬੀ ਏਸ਼ੀਆ ‘ਚ ਸਥਿਤ ਦੇਸ਼ ਫਿਲੀਪੀਨਜ਼ ਅੱਜ ਸਵੇਰੇ-ਸਵੇਰੇ 7.8 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਬੁਰੀ ਤਰ੍ਹਾਂ ਕੰਬ ਗਿਆ। ਇਕ ਵਾਰ ਨਹੀਂ, ਸਗੋਂ ਫਿਲੀਪੀਨਜ਼ 90 ਮਿੰਟ ਦੇ ਅੰਦਰ 3 ਵਾਰ ਜ਼ਬਰਦਸਤ ਭੂਚਾਲ ਕਾਰਨ ਕੰਬਿਆ। ਪਹਿਲਾ ਭੂਚਾਲ, ਜੋ ਸੋਮਵਾਰ ਸਵੇਰੇ ਭਾਰਤੀ ਸਮੇਂ ਮੁਤਾਬਕ 5.07 ਵਜੇ ਆਇਆ, ਦੀ ਤੀਬਰਤਾ 7.8 ਰਹੀ, ਜਦਕਿ ਇਸ ਤੋਂ ਬਾਅਦ 5.18 ਤੇ 6.25 ਵਜੇ ਮੁੜ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ 6.4 ਤੇ 6.6 ਰਹੀ।
ਜ਼ਬਰਦਸਤ ਝਟਕਿਆਂ ਮਗਰੋਂ ਫਿਲੀਪੀਨਜ਼ ‘ਚ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਇਹ ਭੂਚਾਲ ਇੰਨਾ ਭਿਆਨਕ ਸੀ ਕਿ ਇਸ ਦੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਦੇਖ ਕੇ ਹਰ ਕੋਈ ਖ਼ੌਫ਼ਜ਼ਦਾ ਹੋ ਰਿਹਾ ਹੈ। ਆਫ਼ਟਰਸ਼ੌਕਸ ਦਾ ਖ਼ਤਰਾ ਦੇਖਦੇ ਹੋਏ ਫਿਲੀਪੀਨਜ਼ ਪ੍ਰਸ਼ਾਸਨ ਨੇ ਲੋਕਾਂ ਨੂੰ ਸਮੁੰਦਰੀ ਇਲਾਕਿਆਂ ਤੋਂ ਦੂਰ ਜਾਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸੁਨਾਮੀ ਆਉਣ ਦੀ ਸੂਰਤ ‘ਚ ਜਾਨੀ ਨੁਕਸਾਨ ਤੋਂ ਜਿੰਨਾ ਹੋ ਸਕੇ ਬਚਾਅ ਰਹੇ।
ਇਸ ਭੂਚਾਲ ਕਾਰਨ ਦੇਸ਼ ਦੇ ਕਈ ਹਿੱਸਿਆਂ ਤੋਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ‘ਚ ਇਮਾਰਤਾਂ ਨੂੰ ਕੰਬਦੇ ਹੋਏ ਦੇਖਿਆ ਜਾ ਸਕਦਾ ਹੈ ਤੇ ਲੋਕਾਂ ‘ਚ ਖ਼ੌਫ਼ ਵੀ ਸਾਫ਼ ਦਿਖਾਈ ਦੇ ਰਿਹਾ ਹੈ। ਕਈ ਥਾਈਂ ਤਾਂ ਆਲਮ ਇਹ ਸੀ ਕਿ ਇਮਾਰਤਾਂ ਤਬਾਹ ਹੋ ਕੇ ਜ਼ਮੀਨ ‘ਤੇ ਆ ਡਿੱਗੀਆਂ ਤੇ ਇਨ੍ਹਾਂ ਦੇ ਮਲਬੇ ਹੇਠ ਕਈ ਲੋਕਾਂ ਦੇ ਦੱਬੇ ਜਾਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹੁਣ ਤੱਕ ਮਿਲੀਆਂ ਰਿਪੋਰਟਾਂ ਮੁਤਾਬਕ ਇਸ ਤਬਾਹੀ ‘ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ।
ਹਾਲਾਂਕਿ ਫਿਲਹਾਲ ਨੁਕਸਾਨ ਦੀਆਂ ਪੁਖ਼ਤਾ ਰਿਪੋਰਟਾਂ ਸਾਹਮਣੇ ਨਹੀਂ ਆਈਆਂ, ਪਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਹੋਰ ਵੱਧ ਹੋ ਸਕਦਾ ਹੈ। ਫਿਲਹਾਲ ਫਿਲੀਪੀਨਜ਼ ‘ਚ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ।















