ਦਿੱਲੀ ਦੇ ਲਾਡੋ ਸਰਾਏ ‘ਚ ਮਚਿਆ ਹੜਕੰਪ, ਬਿਲਡਰ ਦੇ ਘਰ ਦੇ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ

ਨਵੀਂ ਦਿੱਲੀ – ਦੱਖਣੀ ਦਿੱਲੀ ਦੇ ਸਾਕੇਤ ’ਚ ਇਕ ਬਿਲਡਰ ਦੇ ਘਰ ਦੇ ਬਾਹਰ 2 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ ਕਿਉਂਕਿ ਬਿਲਡਰ ਨੇ ਉਨ੍ਹਾਂ ਦੀ ਫਿਰੌਤੀ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਇਹ ਜਾਣਕਾਰੀ ਪੁਲਸ ਨੇ ਮੰਗਲਵਾਰ ਨੂੰ ਦਿੱਤੀ। ਘਟਨਾ ਸਾਕੇਤ ਥਾਣਾ ਖੇਤਰ ਦੇ ਲਾਡੋ ਸਰਾਏ ’ਚ ਹੋਈ। ਮੁੱਢਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਬਿਲਡਰ ਮਹਾਵੀਰ ਦੇ ਘਰ ਦੇ ਬਾਹਰ 7 ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਇਸ ਘਟਨਾ ’ਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਦੇ ਮੁੱਖ ਸਾਜ਼ਿਸ਼ਕਰਤਾ ਦਾ ਸਬੰਧ ਸਥਾਨਕ ਗਿਰੋਹ ਨਾਲ ਵੀ ਹੈ। ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਇਲਾਕੇ ਨੂੰ ਘੇਰਾ ਪਾ ਲਿਆ। ਜਾਂਚ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਉੱਥੇ ਪਏ ਖਾਲੀ ਕਾਰਤੂਸ ਬਰਾਮਦ ਕੀਤੇ।