ਅੰਮ੍ਰਿਤਸਰ- ਅੰਮ੍ਰਿਤਸਰ ਵਿਚ ਲਗਾਤਾਰ ਵਧ ਰਹੇ ਤਾਪਮਾਨ ਨੇ ਹਾਲਾਤ ਵਿਗਾੜ ਦਿੱਤੇ ਹਨ। ਤੇਜ਼ ਧੁੱਪ ਅਤੇ ਲੂ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸ਼ਹਿਰ ਵਿਚ ਰੋਜ਼ਾਨਾ ਲੋਕ ਹੀਟ ਸਟ੍ਰੋਕ (ਲੂ ਲੱਗਣ) ਨਾਲ ਪ੍ਰਭਾਵਿਤ ਹੋ ਰਹੇ ਹਨ, ਜਿਸ ਕਾਰਨ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਅਲਰਟ ਮੋਡ ਵਿਚ ਆ ਗਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਵਲ ਸਰਜਨ ਡਾ. ਸਤਿੰਦਰ ਸਿੰਘ ਬਜਾਜ ਨੇ ਲੋਕਾਂ ਲਈ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਸਾਵਧਾਨੀ ਨਾ ਵਰਤੀ ਗਈ ਤਾਂ ਹੀਟ ਸਟ੍ਰੋਕ ਜਾਨਲੇਵਾ ਸਾਬਤ ਹੋ ਸਕਦਾ ਹੈ।
ਹੀਟ ਸਟ੍ਰੋਕ ਦੇ ਲੱਛਣ ਅਤੇ ਤੁਰੰਤ ਕੀਤੇ ਜਾਣ ਵਾਲੇ ਉਪਾਅ
ਡਾ. ਬਜਾਜ ਅਨੁਸਾਰ 40 ਡਿਗਰੀ ਸੈਲਸੀਅਸ ਤੋਂ ਉੱਪਰ ਤੇਜ਼ ਬੁਖ਼ਾਰ, ਸਰੀਰ ਦਾ ਸੁੱਕ ਜਾਣਾ, ਪਸੀਨਾ ਆਉਣਾ ਬੰਦ ਹੋਣਾ, ਬੇਹੋਸ਼ੀ ਜਾਂ ਅਸਾਧਾਰਨ ਵਿਵਹਾਰ ਵਰਗੇ ਲੱਛਣ ਦਿਖਦੇ ਹੀ ਤੁਰੰਤ ਸਤਰਕ ਹੋ ਜਾਣਾ ਚਾਹੀਦਾ ਹੈ। ਅਜਿਹੇ ਮਰੀਜ਼ ਨੂੰ ਤੁਰੰਤ ਛਾਂ ਵਿਚ ਲੈ ਜਾ ਕੇ ਕੱਪੜੇ ਢਿੱਲੇ ਕਰੋ, ਠੰਡੇ ਪਾਣੀ ਦੀਆਂ ਪੱਟੀਆਂ ਲਗਾਓ ਅਤੇ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਓ। ਉਨ੍ਹਾਂ ਸਪੱਸ਼ਟ ਕੀਤਾ ਕਿ ਹੀਟ ਸਟ੍ਰੋਕ ਦੀ ਸਥਿਤੀ ਵਿਚ ਆਮ ਬੁਖ਼ਾਰ ਦੀਆਂ ਦਵਾਈਆਂ ਦੇਣਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਮਰੀਜ਼ ਨੂੰ ਦੇਰੀ ਕੀਤੇ ਬਿਨਾਂ ਮੈਡੀਕਲ ਸਹਾਇਤਾ ਦਿਵਾਉਣਾ ਹੀ ਸਭ ਤੋਂ ਸੁਰੱਖਿਅਤ ਉਪਾਅ ਹੈ।
ਗਰਮੀ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਸਲਾਹ
ਸਿਵਲ ਸਰਜਨ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਭਰਪੂਰ ਪਾਣੀ ਪੀਓ, ਹਲਕੇ ਅਤੇ ਸੂਤੀ ਕੱਪੜੇ ਪਹਿਨੋ, ਸਿਰ ਨੂੰ ਢੱਕ ਕੇ ਰੱਖੋ ਅਤੇ ਲੱਸੀ, ਪਾਣੀ ਤੇ ਓ. ਆਰ. ਐੱਸ. ਵਰਗੇ ਤਰਲ ਪਦਾਰਥਾਂ ਦਾ ਵੱਧ ਸੇਵਨ ਕਰੋ। ਖ਼ਾਸ ਤੌਰ ’ਤੇ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਬਚਣ ਦੀ ਹਿਦਾਇਤ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖ਼ਾਲੀ ਪੇਟ ਬਾਹਰ ਨਿਕਲਣਾ, ਜ਼ਿਆਦਾ ਮਸਾਲੇਦਾਰ ਭੋਜਨ ਕਰਨਾ ਅਤੇ ਏ. ਸੀ. ਜਾਂ ਕੂਲਰ ਵਿੱਚੋਂ ਨਿਕਲ ਕੇ ਤੁਰੰਤ ਧੁੱਪ ਵਿਚ ਜਾਣਾ ਸਿਹਤ ਲਈ ਭਾਰੀ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
ਸਰਕਾਰੀ ਹਸਪਤਾਲਾਂ ਵਿਚ ਕੀਤੇ ਲੋੜੀਂਦੇ ਪ੍ਰਬੰਧ
ਸਿਵਲ ਸਰਜਨ ਡਾ. ਸਤਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਵਧਦੀ ਗਰਮੀ ਅਤੇ ਹੀਟ ਸਟ੍ਰੋਕ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਰੇ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਰੀਜ਼ਾਂ ਲਈ ਜ਼ਰੂਰੀ ਦਵਾਈਆਂ, ਓ. ਆਰ. ਐੱਸ., ਠੰਡੇ ਪਾਣੀ ਅਤੇ ਐਮਰਜੈਂਸੀ ਇਲਾਜ ਦੀਆਂ ਸਹੂਲਤਾਂ ਉਪਲਬੱਧ ਹਨ। ਡਾ. ਬਜਾਜ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਹਸਪਤਾਲਾਂ ਵਿਚ ਹੀਟ ਸਟ੍ਰੋਕ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੱਛਣ ਦਿਖਦੇ ਹੀ ਬਿਨਾਂ ਦੇਰੀ ਨਜ਼ਦੀਕੀ ਸਰਕਾਰੀ ਹਸਪਤਾਲ ਵਿਚ ਸੰਪਰਕ ਕਰਨ ਤਾਂ ਜੋ ਸਮਾਂ ਰਹਿੰਦੇ ਇਲਾਜ ਮਿਲ ਸਕੇ।
ਹੀਟ ਸਟ੍ਰੋਕ ਨੂੰ ਹਲਕੇ ਵਿਚ ਲੈਣਾ ਵੱਡੀ ਭੁੱਲ : ਆਈ. ਐੱਮ. ਐੱਸ.
ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਮੁੱਖ ਬੁਲਾਰੇ ਡਾ. ਨਰੇਸ਼ ਚਾਵਲਾ ਨੇ ਕਿਹਾ ਕਿ ਹੀਟ ਸਟ੍ਰੋਕ ਨੂੰ ਹਲਕੇ ਵਿਚ ਲੈਣਾ ਵੱਡੀ ਭੁੱਲ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਵਧਦੀ ਗਰਮੀ ਦੇ ਵਿਚਕਾਰ ਸਰੀਰ ਵਿਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ) ਸਭ ਤੋਂ ਵੱਡਾ ਖ਼ਤਰਾ ਹੈ। ਡਾ. ਚਾਵਲਾ ਨੇ ਸਲਾਹ ਦਿੱਤੀ ਕਿ ਲੋਕ ਦਿਨ ਭਰ ਵਿਚ ਲੋੜੀਂਦੀ ਮਾਤਰਾ ਵਿਚ ਤਰਲ ਪਦਾਰਥ ਲੈਂਦੇ ਰਹਿਣ ਅਤੇ ਬੱਚਿਆਂ ਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਲੱਛਣ ਨਜ਼ਰ ਆਉਂਦੇ ਹੀ ਘਰੇਲੂ ਇਲਾਜ ਵਿਚ ਸਮਾਂ ਗਵਾਉਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਥੋੜ੍ਹੀ ਜਿਹੀ ਦੇਰੀ ਵੀ ਜਾਨਲੇਵਾ ਬਣ ਸਕਦੀ ਹੈ।















