ਵਾਸ਼ਿੰਗਟਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਰਪ ਵਿੱਚ ਅਮਰੀਕੀ ਫੌਜੀ ਮੌਜੂਦਗੀ ਨੂੰ ਲੈ ਕੇ ਇੱਕ ਵੱਡਾ ਅਤੇ ਹੈਰਾਨੀਜਨਕ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਅਮਰੀਕਾ ਪੋਲੈਂਡ ਵਿੱਚ 5,000 ਵਾਧੂ ਸੈਨਿਕ ਭੇਜੇਗਾ। ਇਸ ਐਲਾਨ ਨੇ ਉਹਨਾਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ, ਜਿਨ੍ਹਾਂ ਵਿੱਚ ਪਿਛਲੇ ਕਈ ਹਫ਼ਤਿਆਂ ਤੋਂ ਯੂਰਪ ਵਿੱਚ ਅਮਰੀਕੀ ਫੌਜ ਦੀ ਗਿਣਤੀ ਘਟਾਉਣ ਦੀ ਗੱਲ ਕਹੀ ਜਾ ਰਹੀ ਸੀ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ‘ਤੇ ਇਸ ਤਾਇਨਾਤੀ ਦਾ ਸਿਹਰਾ ਪੋਲੈਂਡ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਕਰੌਲ ਨਵਰੋਕੀ ਨੂੰ ਦਿੱਤਾ ਹੈ। ਟਰੰਪ ਅਨੁਸਾਰ, ਨਵਰੋਕੀ ਦੀ ਸਫਲ ਚੋਣ ਅਤੇ ਉਨ੍ਹਾਂ ਨਾਲ ਅਮਰੀਕਾ ਦੇ ਮਜ਼ਬੂਤ ਸਬੰਧਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਯੂਰਪ ਵਿੱਚ ਸੈਨਿਕਾਂ ਦੀ ਗਿਣਤੀ ਲਗਭਗ 5,000 ਤੱਕ ਘਟਾਉਣ ਦਾ ਐਲਾਨ ਕੀਤਾ ਸੀ। ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਸੀ ਕਿ ਲਗਭਗ 4,000 ਸੈਨਿਕ ਹੁਣ ਪੋਲੈਂਡ ਵਿੱਚ ਤਾਇਨਾਤ ਨਹੀਂ ਹਨ। ਟਰੰਪ ਦੇ ਇਸ ਬਦਲਦੇ ਰਵੱਈਏ ਨੇ ਨਾਟੋ ਦੇ ਸਹਿਯੋਗੀ ਦੇਸ਼ਾਂ ਵਿੱਚ ਭੰਬਲਭੂਸਾ ਅਤੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਹੈ।
ਟਰੰਪ ਦਾ ਇਹ ਕਦਮ ਜਰਮਨ ਚਾਂਸਲਰ ਫ੍ਰੀਡਰਿਕ ਮਰਜ਼ ਦੀ ਉਸ ਆਲੋਚਨਾ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਅਮਰੀਕਾ ਦੀ ਈਰਾਨ ਯੁੱਧ ਰਣਨੀਤੀ ‘ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਪੈਂਟਾਗਨ ਨੇ ਜਰਮਨੀ ਵਿੱਚ ਤਾਇਨਾਤ ਸੈਨਿਕਾਂ ਦੀ ਗਿਣਤੀ ਘਟਾਉਣ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾਗਣ ਵਾਲੇ ਮਾਹਿਰਾਂ ਦੀ ਤਾਇਨਾਤੀ ਰੋਕਣ ਦਾ ਫੈਸਲਾ ਲਿਆ ਸੀ।
ਟਰੰਪ ਦੇ ਸੈਨਿਕ ਕਟੌਤੀ ਵਾਲੇ ਪੁਰਾਣੇ ਫੈਸਲਿਆਂ ਦੀ ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਦੇ ਸਾਂਸਦਾਂ ਨੇ ਆਲੋਚਨਾ ਕੀਤੀ ਹੈ। ਸਾਂਸਦਾਂ ਦਾ ਮੰਨਣਾ ਹੈ ਕਿ ਯੂਕਰੇਨ ਵਿੱਚ ਪਿਛਲੇ ਚਾਰ ਸਾਲਾਂ ਤੋਂ ਜਾਰੀ ਜੰਗ ਦੇ ਦੌਰਾਨ ਸੈਨਿਕਾਂ ਦੀ ਗਿਣਤੀ ਘਟਾਉਣਾ ਸਹਿਯੋਗੀ ਦੇਸ਼ਾਂ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਗਲਤ ਸੰਦੇਸ਼ ਦੇ ਸਕਦਾ ਹੈ।















