ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ 2 ਡਿਲੀਵਰੀ ਬੁਆਏ ਦੀ ਮੌਤ, ਮੁਲਜ਼ਮ ਗ੍ਰਿਫ਼ਤਾਰ

ਖਰੜ : ਕੁਰਾਲੀ-ਖਰੜ ਰੋਡ ’ਤੇ ਬੁੱਧਵਾਰ ਨੂੰ ਦਰਦਨਾਕ ਸੜਕ ਹਾਦਸੇ ’ਚ ਬਾਈਕ ਸਵਾਰ ਦੋ ਡਿਲੀਵਰੀ ਬੁਆਏ ਦੀ ਮੌਤ ਹੋ ਗਈ। ਹਾਦਸਾ ਪਿੰਡ ਦਾਊਂ ਮਾਜਰਾ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਵਾਪਰਿਆ, ਜਿੱਥੇ ਤੇਜ਼ ਰਫ਼ਤਾਰ ਸਵਿੱਫ਼ਟ ਗੱਡੀ ਨੇ ਬਾਈਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਕੁਰਾਲੀ ਨਿਵਾਸੀ ਜਸਦੀਪ ਸਿੰਘ ਤੇ ਮਿਆਂਪੁਰ (ਰੋਪੜ) ਨਿਵਾਸੀ ਅਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੋਵੇਂ ਇਕ ਨਿੱਜੀ ਕੰਪਨੀ ’ਚ ਡਿਲੀਵਰੀ ਬੁਆਏ ਦੇ ਤੌਰ ’ਤੇ ਕੰਮ ਕਰਦੇ ਸਨ। ਚਸ਼ਮਦੀਦਾਂ ਦੇ ਅਨੁਸਾਰ ਟੱਕਰ ਤੋਂ ਬਾਅਦ ਕਾਰ ਚਾਲਕ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਤੇ ਦੋਹਾਂ ਨੌਜਵਾਨਾਂ ਨੂੰ ਕਾਫ਼ੀ ਦੂਰੀ ਤੱਕ ਘੜੀਸਦਾ ਲੈ ਗਿਆ।
ਦੋਵਾਂ ਦੇ ਸਿਰ ਅਤੇ ਸਰੀਰ ’ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨਿਤੀਸ਼ ਭਾਰਦਵਾਜ ਤੇ ਉਸ ਦਾ ਸਾਥੀ ਅਸ਼ਵਨੀ ਕੁਮਾਰ ਸ਼ਰਾਬ ਦੇ ਨਸ਼ੇ ’ਚ ਸਨ। ਮੌਕੇ ‘ਤੇ ਇਕੱਠੀ ਹੋਈ ਭੀੜ ਨੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਮੋਹਾਲੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰੱਖ ਦਿੱਤਾ ਹੈ। ਮੁਲਜ਼ਮ ਚਾਲਕ ਨਿਤੀਸ਼ ਭਾਰਦਵਾਜ ਨਿਵਾਸੀ ਕਰਨਾਲ ਹਰਿਆਣਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।