ਪਹਿਲੀ ਵਾਰ ਜੰਗ ਖ਼ਤਮ ਕਰਨ ਲਈ ਰਾਜ਼ੀ ਹੋਏ ਪੁਤਿਨ ! ਯੂਕ੍ਰੇਨ ਬਾਰੇ ਦੇ’ਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਦੀ ਜੰਗ ਜਦੋਂ ਹੁਣ ਸ਼ਾਂਤੀ ਵੱਲ ਵਧ ਰਹੀ ਹੈ, ਉੱਥੇ ਹੀ ਰੂਸ-ਯੂਕ੍ਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਜੰਗ ਹੁਣ 5ਵੇਂ ਸਾਲ ‘ਚ ਦਾਖ਼ਲ ਹੋ ਚੁੱਕੀ ਹੈ। ਇਸੇ ਵਿਚਕਾਰ ਇੱਕ ਵੱਡਾ ਕੂਟਨੀਤਕ ਮੋੜ ਸਾਹਮਣੇ ਆਇਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲੀ ਵਾਰ ਜਨਤਕ ਤੌਰ ‘ਤੇ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਰੂਸ ਤੋਂ ਬਾਹਰ ਕਿਸੇ “ਤੀਜੇ ਦੇਸ਼” ਵਿੱਚ ਮੁਲਾਕਾਤ ਕਰਨ ਦੀ ਸੰਭਾਵਨਾ ਪ੍ਰਗਟਾਈ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੁਲਾਕਾਤ ਸਿਰਫ਼ ਅੰਤਿਮ ਸਮਝੌਤੇ ‘ਤੇ ਮੋਹਰ ਲਗਾਉਣ ਲਈ ਹੋਵੇਗੀ, ਨਾ ਕਿ ਗੱਲਬਾਤ ਸ਼ੁਰੂ ਕਰਨ ਲਈ।
ਸ਼ਨੀਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਤਿਨ ਨੇ ਕਿਹਾ, “ਮੈਂ ਕਦੇ ਵੀ ਮੁਲਾਕਾਤ ਤੋਂ ਮਨ੍ਹਾ ਨਹੀਂ ਕੀਤਾ। ਜੇਕਰ ਉਹ (ਜ਼ੇਲੇਂਸਕੀ) ਮਿਲਣਾ ਚਾਹੁੰਦੇ ਹਨ, ਤਾਂ ਉਹ ਮਾਸਕੋ ਆ ਸਕਦੇ ਹਨ। ਅਸੀਂ ਕਿਸੇ ਤੀਜੇ ਦੇਸ਼ ਵਿੱਚ ਵੀ ਮਿਲ ਸਕਦੇ ਹਾਂ, ਪਰ ਇਹ ਉਦੋਂ ਹੀ ਹੋਵੇਗਾ ਜਦੋਂ ਇੱਕ ਵਿਆਪਕ ਅਤੇ ਲੰਬੇ ਸਮੇਂ ਦੇ ਸ਼ਾਂਤੀ ਸਮਝੌਤੇ ‘ਤੇ ਪੂਰੀ ਤਰ੍ਹਾਂ ਸਹਿਮਤੀ ਬਣ ਜਾਵੇਗੀ।”
ਪੁਤਿਨ ਨੇ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਪੱਧਰ ਦੀ ਮੁਲਾਕਾਤ ਗੱਲਬਾਤ ਦਾ ਸਥਾਨ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅਨੁਸਾਰ, ਸ਼ੁਰੂਆਤੀ ਗੱਲਬਾਤ ਅਤੇ ਨਿਯਮਾਂ ਨੂੰ ਦੋਵਾਂ ਧਿਰਾਂ ਦੇ ਮਾਹਿਰਾਂ ਦੁਆਰਾ ਤੈਅ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਪੁਤਿਨ ਨੇ 2014-15 ਦੇ ਮਿੰਸਕ ਸਮਝੌਤਿਆਂ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਅਜਿਹੀਆਂ ਗੱਲਬਾਤਾਂ ਘੰਟਿਆਂ ਬੱਧੀ ਚੱਲ ਸਕਦੀਆਂ ਹਨ ਪਰ ਨਤੀਜਾ ਕੁਝ ਨਹੀਂ ਨਿਕਲਦਾ। ਇਸ ਲਈ, ਜਦੋਂ ਸਭ ਕੁਝ ਸਪੱਸ਼ਟ ਹੋ ਜਾਵੇਗਾ, ਉਦੋਂ ਹੀ ਉਹ ਕਿਸੇ ਸਮਾਰੋਹ ਵਿੱਚ ਸ਼ਾਮਲ ਹੋਣ ਜਾਂ ਦਸਤਖ਼ਤ ਕਰਨ ਲਈ ਮਿਲਣਗੇ।
ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਪੁਤਿਨ ਨੇ ਰੂਸ ਤੋਂ ਬਾਹਰ ਜ਼ੇਲੇਂਸਕੀ ਨਾਲ ਮਿਲਣ ਦਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਸਤੰਬਰ 2025 ਵਿੱਚ ਵੀ ਉਨ੍ਹਾਂ ਨੇ ਗੱਲਬਾਤ ਲਈ ਖੁੱਲ੍ਹੇ ਹੋਣ ਦੀ ਗੱਲ ਕਹੀ ਸੀ, ਪਰ ਉਦੋਂ ਉਨ੍ਹਾਂ ਦਾ ਜ਼ੋਰ ਸਿਰਫ਼ ਮਾਸਕੋ ਵਿੱਚ ਮੁਲਾਕਾਤ ‘ਤੇ ਸੀ।
ਫਰਵਰੀ 2022 ਵਿੱਚ ਰੂਸੀ ਹਮਲੇ ਨਾਲ ਸ਼ੁਰੂ ਹੋਈ ਇਹ ਜੰਗ ਹੁਣ ਆਪਣੇ 5ਵੇਂ ਸਾਲ ਵਿੱਚ ਹੈ। ਪੁਤਿਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੋਵੇਂ ਦੇਸ਼ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਝੱਲ ਰਹੇ ਹਨ ਅਤੇ ਵਿਸ਼ਵ ਭਾਈਚਾਰਾ ਲਗਾਤਾਰ ਜੰਗਬੰਦੀ ਲਈ ਦਬਾਅ ਬਣਾ ਰਿਹਾ ਹੈ।