ਲੁਧਿਆਣਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਦੇ ਤਹਿਤ ਅੱਜ ਜ਼ਿਲਾ ਲੁਧਿਆਣਾ ਵਿਚ ਡੇਂਗੂ ਦੀ ਰੋਕਥਾਮ ਸਬੰਧੀ ਵਿਆਪਕ ਸਰਵੇ, ਸੋਰਸ ਰਿਡਕਸ਼ਨ ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ। ਜਾਣਾਕਾਰੀ ਦਿੰਦੇ ਸਿਵਲ ਸਰਜਨ ਲੁਧਿਆਣਾ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਜ਼ਿਲੇ ਵਿਚ ਸਿਹਤ ਟੀਮਾਂ ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸੈਂਕੜੇ ਘਰਾਂ ਦਾ ਸਰਵੇ ਕੀਤਾ ਗਿਆ ਤੇ ਪਾਣੀ ਵਾਲੇ ਕੰਟੇਨਰਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੱਤਰਾਂ ਦੇ ਪ੍ਰਜਣਨ ਥਾਵਾਂ ਦੀ ਪਛਾਣ ਕਰਕੇ ਲੋਕਾਂ ਨੂੰ ਤੁਰੰਤ ਸਫਾਈ ਰੱਖਣ ਅਤੇ ਪਾਣੀ ਜਮ੍ਹਾ ਨਾ ਹੋਣ ਦੇਣ ਦੇ ਪ੍ਰਤੀ ਜਾਗਰੂਕ ਕੀਤਾ ਗਿਆ। ਡਾ. ਰਮਨਦੀਪ ਕੌਰ ਨੇ ਕਿਹਾ ਕਿ ਡੇਂਗੂ ਦਾ ਮੱਛਰ ਸਾਫ ਅਤੇ ਰੁਕੇ ਹੋਏ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਲੋਕ ਆਪਣੇ ਘਰਾਂ ਤੇ ਆਸ ਪਾਸ ਕੂਲਰਾਂ, ਗਮਲਿਆਂ, ਟਾਇਰਾਂ, ਛੱਤਾਂ ਅਤੇ ਹੋਰ ਪਾਣੀ ਜਮ੍ਹਾ ਹੋਣ ਵਾਲੀਆਂ ਥਾਵਾਂ ਦੀ ਨਿਯਮ ਨਾਲ ਸਫਾਈ ਯਕੀਨੀ ਬਣਾਉਣ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਫਤੇ ਵਿਚ ਘੱਟ ਤੋਂ ਘੱਟ ਇਕ ਵਾਰ ਪਾਣੀ ਵਾਲੇ ਭਾਂਡਿਆਂ ਨੂੰ ਖਾਲੀ ਕਰਕੇ ਚੰਗੀ ਤਰ੍ਹਾਂ ਰਗੜ ਕੇ ਸਾਫ ਕਰਨ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਡੇਂਗੂ ਦੇ ਲੱਛਣਾ ਜਿਵੇਂ ਤੇਜ਼ ਬੁਖਾਰ, ਸਿਰਦਰਦ, ਸਰੀਰ ਦਰਦ, ਜੋੜਾਂ ਵਿਚ ਦਰਦ ਅਤੇ ਚਮੜੀ ‘ਤੇ ਧੱਫੜ ਆਦਿ ਸਬੰਧੀ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ‘’ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਡੇਂਗੂ ਅਤੇ ਚਿਕਨਗੁਨੀਆ ਦੀ ਜਾਂਚ ਅਤੇ ਇਲਾਜ ਦੀ ਸਹੂਲਤ ਮੁਫਤ ਮੁਹੱਈਆ ਹੈ।
ਕਿੰਨੀ ਜਗ੍ਹਾ ਮਿਲਿਆ ਲਾਰਵਾ ਨਹੀਂ ਦੱਸਿਆ ਗਿਆ
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਦੇ ਵੱਖ–ਵੱਖ ਇਲਾਕਿਆਂ ਦਾ ਸਰਵੇ ਕਰਨ ਤੋਂ ਬਾਅਦ ਸ਼ਾਮ ਤੱਕ ਇਹ ਨਹੀਂ ਦੱਸਿਆ ਗਿਆ ਕਿ ਜ਼ਿਲੇ ਵਿਚ ਕਿੰਨੀਆਂ ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲਿਆ ਅਤੇ ਹੁਣ ਤੱਕ ਜ਼ਿਲੇ ਵਿਚ ਕਿੰਨੇ ਸ਼ੱਕੀ ਜਾਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ।















