ਕੀ ਬੰਗਾਲ ’ਚ ਹਾਰ ਦਾ ਮਾਮਲਾ ਇੰਟਰਨੈਸ਼ਨਲ ਕੋਰਟ ’ਚ ਲਿਜਾ ਸਕਦੀ ਹੈ ਮਮਤਾ?

ਕੋਲਕਾਤਾ – ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਨੂੰ ਹਾਰ ਹਜ਼ਮ ਨਹੀਂ ਹੋ ਰਹੀ ਹੈ। ਆਪਣੀ ਵਿਧਾਨ ਸਭਾ ਸੀਟ ਗੁਆਉਣ ਦੇ ਨਾਲ ਸਰਕਾਰ ਗੁਆਉਣ ਤੋਂ ਬਾਅਦ ਵੀ ਉਨ੍ਹਾਂ ਦੇ ਤੇਵਰ ਬਿਲਕੁਲ ਨਹੀਂ ਬਦਲੇ ਹਨ। ਉਹ ਅਸਤੀਫਾ ਨਾ ਦੇਣ ਦੀ ਜ਼ਿੱਦ ’ਤੇ ਅੜੀ ਹੋਈ ਹੈ। ਸੂਤਰਾਂ ਮੁਤਾਬਕ ਹੁਣ ਤਾਜ਼ਾ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਮਮਤਾ ਬੈਨਰਜੀ ਇਸ ਮੁੱਦੇ ਨੂੰ ਲੈ ਕੇ ਹੁਣ ਇੰਟਰਨੈਸ਼ਨਲ ਕੋਰਟ ਜਾ ਸਕਦੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਉੱਥੇ ਉਨ੍ਹਾਂ ਦੀ ਪਟੀਸ਼ਨ ’ਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ? ਮਮਤਾ ਬੈਨਰਜੀ ਨੇ ਹਾਲ ਹੀ ’ਚ ਚੋਣ ਨਤੀਜਿਆਂ ’ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਜੇ ਲੋੜ ਪਈ ਤਾਂ ਉਹ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਤੱਕ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਸੀ ਕਿ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਤਦ ਵੀ ਉਹ ਅਸਤੀਫਾ ਨਹੀਂ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਇਹ ਬਿਆਨ 2026 ਦੇ ਚੋਣ ਨਤੀਜਿਆਂ ਅਤੇ ਕਥਿਤ ਬੇਨਿਯਮੀਆਂ ਨੂੰ ਲੈ ਕੇ ਦਿੱਤਾ ਗਿਆ ਹੈ। ਕਾਨੂੰਨੀ ਤੌਰ ’ਤੇ ਦੇਖਿਆ ਜਾਵੇ ਤਾਂ ਕਿਸੇ ਸੂਬੇ ਦੇ ਚੋਣ ਨਤੀਜਿਆਂ ਨੂੰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ’ਚ ਚੁਣੌਤੀ ਦੇਣਾ ਸੰਭਵ ਨਹੀਂ ਹੈ। ਆਈ. ਸੀ. ਜੇ. ਸੰਯੁਕਤ ਰਾਸ਼ਟਰ ਦੀ ਸਰਵਉੱਚ ਨਿਆਇਕ ਸੰਸਥਾ ਹੈ ਅਤੇ ਇੱਥੇ ਸਿਰਫ਼ ਪ੍ਰਭੂਸੱਤਾ ਸੰਪੰਨ ਦੇਸ਼ ਭਾਵ ਰਾਸ਼ਟਰ ਹੀ ਕਿਸੇ ਵਿਵਾਦ ’ਚ ਪੱਖ ਬਣ ਸਕਦੇ ਹਨ। ਕੋਈ ਮੁੱਖ ਮੰਤਰੀ, ਸੂਬਾ ਸਰਕਾਰ ਜਾਂ ਵਿਅਕਤੀਗਤ ਨੇਤਾ ਸਿੱਧੇ ਉੱਥੇ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਭਾਵ ਮਮਤਾ ਬੈਨਰਜੀ ਜਾਂ ਕੋਈ ਵੀ ਸੂਬਾ ਪੱਧਰੀ ਨੇਤਾ ਚੋਣ ਹਾਰਨ ਦਾ ਮਾਮਲਾ ਸਿੱਧੇ ਅੰਤਰਰਾਸ਼ਟਰੀ ਅਦਾਲਤ ’ਚ ਨਹੀਂ ਲੈ ਕੇ ਜਾ ਸਕਦਾ।
ਭਾਜਪਾ ’ਚ ਜਾਣਗੇ ਤ੍ਰਿਣਮੂਲ ਦੇ 9 ਵਿਧਾਇਕ?
ਭਾਜਪਾ ਤੋਂ ਮਿਲੀ ਕਰਾਰੀ ਹਾਰ ਤੋਂ ਤ੍ਰਿਣਮੂਲ ਕਾਂਗਰਸ ਹਾਲੇ ਉੱਭਰ ਵੀ ਨਹੀਂ ਸਕੀ ਹੈ ਕਿ ਪਾਰਟੀ ਵਿਚ ਵੱਡੀ ਫੁੱਟ ਦੀਆਂ ਕਨਸੋਆਂ ਤੇਜ਼ ਹੋ ਗਈਆਂ ਹਨ। ਮਮਤਾ ਬੈਨਰਜੀ ਵੱਲੋਂ ਬੁੱਧਵਾਰ ਨੂੰ ਕਾਲੀਘਾਟ ਸਥਿਤ ਆਪਣੀ ਰਿਹਾਇਸ਼ ’ਤੇ ਬੁਲਾਈ ਗਈ ਨਵ-ਨਿਯੁਕਤ ਵਿਧਾਇਕਾਂ ਦੀ ਅਹਿਮ ਬੈਠਕ ’ਚੋਂ 9 ਵਿਧਾਇਕਾਂ ਦੀ ਗੈਰ-ਮੌਜੂਦਗੀ ਨੇ ਸਿਆਸੀ ਗਲਿਆਰਿਆਂ ’ਚ ਹਲਚਲ ਮਚਾ ਦਿੱਤੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹੀ ਉੱਠ ਰਿਹਾ ਹੈ ਕਿ ਕੀ ਇਹ 9 ਵਿਧਾਇਕ ਟੀ. ਐੱਮ. ਸੀ. ਦਾ ਸਾਥ ਛੱਡ ਕੇ ਭਾਜਪਾ ਦਾ ਪੱਲਾ ਫੜਨ ਵਾਲੇ ਹਨ? ਇਸ ਅਹਿਮ ਸਮੀਖਿਆ ਬੈਠਕ ’ਚ ਕੁੱਲ 80 ਨਵ-ਨਿਯੁਕਤ ਵਿਧਾਇਕਾਂ ਵਿਚੋਂ ਕੇਵਲ 71 ਹੀ ਸ਼ਾਮਲ ਹੋਏ।