ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ

ਚੰਡੀਗੜ੍ਹ : ਜ਼ਿਲ੍ਹਾ ਅਦਾਲਤ ਨੇ 11 ਸਾਲ ਦੀ ਨਾਬਾਲਗ ਨਾਲ ਜਬਰ-ਜ਼ਿਨਾਹ ਮਾਮਲੇ ’ਚ ਗ੍ਰਿਫ਼ਤਾਰ ਮਾਸੜ ਨੂੰ ਦੋਸ਼ੀ ਕਰਾਰ ਦਿੰਦਿਆਂ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਦੋਸ਼ੀ ਖ਼ਿਲਾਫ਼ ਸੈਕਟਰ-31 ਪੁਲਸ ਨੇ ਜੂਨ 2025 ’ਚ ਜਬਰ-ਜ਼ਿਨਾਹ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਦਰਜ ਮਾਮਲੇ ਤਹਿਤ ਬੱਚੀ ਮਾਂ ਸਣੇ ਥਾਣੇ ਪਹੁੰਚ ਕੇ ਪੀੜਤਾ ਨਾਬਾਲਗ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਸ਼ਿਕਾਇਤ ’ਚ ਪੀੜਤ ਦੀ ਮਾਂ ਨੇ ਦੱਸਿਆ ਸੀ ਕਿ ਉਸ ਦੀ 11 ਸਾਲਾ ਬੇਟੀ 6ਵੀਂ ’ਚ ਪੜ੍ਹਦੀ ਹੈ ਤੇ ਉਹ ਫੈਕਟਰੀ ’ਚ ਕੰਮ ਕਰਦੀ ਹੈ ਤੇ ਰੋਜ਼ਾਨਾ ਸਵੇਰ ਘਰ ਤੋਂ ਜਾ ਕੇ ਦੇਰ ਸ਼ਾਮ ਵਾਪਸ ਆਉਂਦੀ ਹੈ।
ਕਈ ਵਾਰ ਘਰ ਆ ਕੇ ਕਰਦਾ ਰਿਹਾ ਗ਼ਲਤ ਹਰਕਤਾਂ
ਸ਼ਿਕਾਇਤ ’ਚ ਦੱਸਿਆ ਗਿਆ ਕਿ ਮੁਲਜ਼ਮ ਜੋ ਪੀੜਤਾ ਦਾ ਮਾਸੜ ਹੈ ਅਤੇ ਹੱਲੋਮਾਜਰਾ ’ਚ ਰਹਿੰਦਾ ਹੈ, ਉਹ ਘਰ ਆਉਂਦਾ-ਜਾਂਦਾ ਸੀ। ਦੋਸ਼ ਸੀ ਕਿ ਕੁੱਝ ਸਮੇਂ ਤੋਂ ਉਹ ਮਾਂ ਦੀ ਗ਼ੈਰ-ਮੌਜੂਦਗੀ ’ਚ ਘਰ ਆਉਣ ਲੱਗਾ ਅਤੇ ਇਕ ਦਿਨ ਛੋਟੇ ਭਰਾ ਨੂੰ ਬਹਾਨੇ ਨਾਲ ਬਾਹਰ ਭੇਜ ਕੇ ਨਾਬਾਲਗ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਘਟਨਾ ਬਾਰੇ ਕਿਸੇ ਨੂੰ ਨਾ ਦੱਸਣ ’ਤੇ ਧਮਕੀ ਵੀ ਦਿੱਤੀ। ਦੋਸ਼ੀ ਕਈ ਵਾਰ ਇਸੇ ਤਰ੍ਹਾਂ ਘਰ ਆ ਕੇ ਗ਼ਲਤ ਹਰਕਤਾਂ ਕਰਦਾ ਰਿਹਾ। ਬਾਅਦ ’ਚ ਸਿਹਤ ਖ਼ਰਾਬ ਹੋਣ ’ਤੇ ਉਸਨੇ ਪੂਰੀ ਘਟਨਾ ਮਾਂ ਨੂੰ ਦੱਸੀ। ਇਸ ਤੋਂ ਬਾਅਦ ਦੋਹਾਂ ਨੇ ਪੁਲਸ ਨਾਲ ਸੰਪਰਕ ਕਰਨ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਜਾਂਚ ਦੌਰਾਨ ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਤੇ ਫਾਰੈਂਸਿਕ ਜਾਂਚ ਲਈ ਸੈਂਪਲ ਭੇਜੇ ਗਏ। ਨਾਲ ਹੀ ਕੌਂਸਲਿੰਗ ਕਰਵਾਈ ਤੇ ਨਿਆਇਕ ਮੈਜਿਸਟ੍ਰੇਟ ਸਾਹਮਣੇ ਪੀੜਤਾ ਦੇ ਬਿਆਨ ਦਰਜ ਕਰਵਾਏ ਗਏ ਸਨ।