ਪੰਜਾਬ ‘ਚ ਲੱਗ ਰਹੇ ਲੰਬੇ ਬਿਜਲੀ ਕੱਟਾਂ ‘ਤੇ ਆਰਪੀ ਸਿੰਘ ਨੇ ਜਤਾਈ ਚਿੰਤਾ

ਚੰਡੀਗੜ੍ਹ: ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਬਿਜਲੀ ਦੇ ਲੰਬੇ ਕੱਟਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਸੂਬਾ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸੂਬੇ ਦੀ ਮੌਜੂਦਾ ਸਥਿਤੀ ਦੀ ਤੁਲਨਾ ‘ਪੱਥਰ ਯੁੱਗ’ ਨਾਲ ਕਰਦਿਆਂ ਕਿਹਾ ਕਿ ‘ਰੰਗਲਾ ਪੰਜਾਬ’ ਹੁਣ ‘ਹਨੇਰੇ ਵਿੱਚ ਡੁੱਬਿਆ ਪੰਜਾਬ’ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਸੂਬੇ ‘ਚ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ, ਪਰ ਲੋਕਾਂ ਨੂੰ ਰਾਹਤ ਮਿਲਣ ਦੀ ਬਜਾਏ ਸ਼ਹਿਰਾਂ ਵਿੱਚ ਬਿਜਲੀ ਦੇ ਭਾਰੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਮੁਤਾਬਕ ਰਾਤ 8:30 ਵਜੇ ਤੋਂ ਬਾਅਦ ਕਈ ਘੰਟਿਆਂ ਤੱਕ ਬਿਜਲੀ ਗੁੱਲ ਰਹਿੰਦੀ ਹੈ, ਜਿਸ ਕਾਰਨ ਪੂਰੇ ਦੇ ਪੂਰੇ ਸ਼ਹਿਰ ਹਨੇਰੇ ਵਿੱਚ ਡੁੱਬ ਜਾਂਦੇ ਹਨ।
ਆਰਪੀ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਲੋਕ ਆਪਣੀਆਂ ਕਾਰਾਂ ਵਿੱਚ ਸੌਣ ਲਈ ਮਜਬੂਰ ਹਨ। ਵੱਧਦੇ ਲੋਡ ਕਾਰਨ ਇਨਵਰਟਰ ਫੇਲ੍ਹ ਹੋ ਰਹੇ ਹਨ ਅਤੇ ਟ੍ਰਾਂਸਫਾਰਮਰ ਸੜ ਰਹੇ ਹਨ। ਉਨ੍ਹਾਂ ਇਸ ਨੂੰ ਬਿਜਲੀ ਪ੍ਰਬੰਧਨ ਦੀ ਮੁਕੰਮਲ ਹਾਰ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਬਿਜਲੀ ਦੀ ਮੰਗ ਵਧਦੀ ਹੈ, ਤਾਂ ਸਰਕਾਰੀ ਵਿਵਸਥਾ ਸੁਧਰਨ ਦੀ ਬਜਾਏ ਗਾਇਬ ਹੋ ਜਾਂਦੀ ਹੈ।
ਭਾਜਪਾ ਬੁਲਾਰੇ ਨੇ ਸਰਕਾਰ ਦੇ ਸ਼ਾਸਨ ਮਾਡਲ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਨਾਗਰਿਕ ਬਿਜਲੀ ਦੇ ਪੂਰੇ ਬਿੱਲ ਅਦਾ ਕਰ ਰਹੇ ਹਨ, ਪਰ ਬਦਲੇ ‘ਚ ਉਨ੍ਹਾਂ ਨੂੰ ਕੋਈ ਜਵਾਬਦੇਹੀ ਨਹੀਂ ਮਿਲ ਰਹੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕ ਇਸ ਤੋਂ ਬਿਹਤਰ ਸਹੂਲਤਾਂ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਹੱਕਦਾਰ ਹਨ।