ਸਾਂਸਦ ਹਰਭਜਨ ਸਿੰਘ ਨੇ ਪਹਿਲਾਂ ਹੀ ਵਿਖਾਏ ਸੀ ਬਗਾਵਤੀ ਸੁਰ ! ਹੁਣ ਪੁਰਾਣੀ ਵੀਡੀਓ ਹੋਈ ਵਾਇਰਲ

ਨਵੀਂ ਦਿੱਲੀ- ਬੀਤੇ ਦਿਨੀਂ ਰਾਘਵ ਚੱਢਾ, ਹਰਭਜਨ ਸਿੰਘ ਤੇ ਸਵਾਤੀ ਮਾਲੀਵਾਲ ਸਣੇ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਇਸ ਘਟਨਾਕ੍ਰਮ ਨੇ ਪੰਜਾਬ ਤੇ ਦਿੱਲੀ ਦੀ ਸਿਆਸਤ ‘ਚ ਵੱਡਾ ਭੂਚਾਲ ਲਿਆ ਕੇ ਰੱਖ ਦਿੱਤਾ ਹੈ।
ਇਸੇ ਦੌਰਾਨ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਇਕ ਪੁਰਾਣੀ ਵੀਡੀਓ ਚਰਚਾ ਦਾ ਵਿਸ਼ਾ ਬਣ ਗਈ ਹੈ, ਜਿਸ ‘ਚ ਉਹ ਅਯੁੱਧਿਆ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਸ਼ਾਮਲ ਹੋਣ ਬਾਰੇ ਗੱਲ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਰਮਾਤਮਾ ਪ੍ਰਤੀ ਆਸਥਾ ਹੈ ਤੇ ਉਨ੍ਹਾਂ ਨੂੰ ਮੰਦਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਕੋਈ ਪਾਰਟੀ ਜਾਵੇ ਜਾਂ ਨਾ ਜਾਵੇ, ਪਰ ਉਹ ਰਾਮ ਮੰਦਰ ਦਰਸ਼ਨਾਂ ਲਈ ਜ਼ਰੂਰ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਹ ਸਾਡੇ ਦੌਰ ‘ਚ ਹੋ ਰਿਹਾ ਹੈ। ਸਾਨੂੰ ਸਾਰਿਆਂ ਨੂੰ ਇਸ ਸਮਾਗਮ ‘ਚ ਸ਼ਾਮਲ ਹੋ ਕੇ ਭਗਵਾਨ ਰਾਮ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ। ਕੋਈ ਜਾਵੇ ਨਾ ਜਾਵੇ, ਮੈਂ ਤਾਂ ਜ਼ਰੂਰ ਜਾਵਾਂਗਾ। ਜੇਕਰ ਕਿਸੇ ਨੂੰ ਮੇਰੇ ਉੱਥੇ ਜਾਣ ਤੋਂ ਕੋਈ ਪਰੇਸ਼ਾਨੀ ਹੈ ਤਾਂ ਉਸ ਨੇ ਜੋ ਕਰਨਾ ਹੈ ਕਰ ਲਵੇ।
ਉਨ੍ਹਾਂ ਦਾ ਇਹ ਬਿਆਨ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਉਹ ਰਾਮ ਮੰਦਰ ਜਾਣਾ ਚਾਹੁੰਦੇ ਸਨ, ਪਰ ਸ਼ਾਇਦ ਉਨ੍ਹਾਂ ‘ਤੇ ਪਾਰਟੀ ਹਾਈਕਮਾਨ ਵੱਲੋਂ ਉੱਥੇ ਨਾ ਜਾਣ ਦਾ ਦਬਾਅ ਬਣਾਇਆ ਜਾ ਰਿਹਾ ਸੀ। ਹੁਣ ਉਨ੍ਹਾਂ ਦੇ ਪਾਰਟੀ ਛੱਡਣ ਮਗਰੋਂ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ‘ਚ ਪਹਿਲਾਂ ਤੋਂ ਹੀ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ, ਜਿਸ ਦਾ ਨਤੀਜਾ 7 ਮੈਂਬਰਾਂ ਦਾ ਇਕੱਠੇ ਪਾਰਟੀ ਛੱਡ ਜਾਣ ਵਜੋਂ ਨਿਕਲਿਆ ਹੈ।