‘ਅੱਤਵਾਦ ਦੇ ਗੜ੍ਹ’ ਵਜੋਂ ਮਸ਼ਹੂਰ ਹੋਣ ਮਗਰੋਂ ਹੁਣ ਸ਼ਾਂਤੀ ਦਾ ਗਿਆਨ ਦੇਣ ਲੱਗਾ ਪਾਕਿਸਤਾਨ

ਇੰਟਰਨੈਸ਼ਨਲ ਡੈਸਕ- ਦੁਨੀਆ ਭਰ ‘ਚ ਅੱਤਵਾਦ ਦੇ ਗੜ੍ਹ ਵਜੋਂ ਪਛਾਣ ਬਣਾਉਣ ਵਾਲਾ ਪਾਕਿਸਤਾਨ ਹੁਣ ਗਿਆਨ ਦੇਣ ਲੱਗ ਪਿਆ ਹੈ। ਉੱਥੋਂ ਦੇ ਉਪ-ਪ੍ਰਧਾਨ ਮੰਤਰੀ ਇਸਹਾਕ ਡਾਰ ਸ਼ਾਂਤੀ ਅਤੇ ਸਥਿਰਤਾ ਦੀਆਂ ਗੱਲਾਂ ਕਰਨ ਲੱਗੇ ਹਨ। ਇਰਾਨ-ਅਮਰੀਕਾ ਗੱਲਬਾਤ ਵਿਚ ਸਹਿਯੋਗ ਤੋਂ ਬਾਅਦ ਜਿਵੇਂ ਪਾਕਿਸਤਾਨ ਦੇ ਸੁਰ ਹੀ ਬਦਲ ਗਏ ਹਨ।
ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਇਰਾਨ-ਅਮਰੀਕਾ ਗੱਲਬਾਤ ਵਿਚ ਸਹਿਯੋਗ ਕਰ ਰਿਹਾ ਹੈ ਅਤੇ ਇਲਾਕੇ ਵਿਚ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਕਾਇਮ ਕਰਨ ਲਈ ਯਤਨ ਕਰਦਾ ਰਹੇਗਾ। ਦੱਸ ਦੇਈਏ ਕਿ ਗੱਲਬਾਤ ਦੇ ਦੂਜੇ ਦੌਰ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਵਿਦੇਸ਼ ਦਫ਼ਤਰ (ਐੱਫ.ਓ.) ਵਲੋਂ ਜਾਰੀ ਇਕ ਬਿਆਨ ਅਨੁਸਾਰ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਡਾਰ ਨੇ ਇਲਾਕੇ ਵਿਚ ਤਾਜ਼ਾ ਘਟਨਾਕ੍ਰਮ ਦੀ ਸਮੀਖਿਆ ਕਰਨ ਲਈ ਵਿਦੇਸ਼ ਮੰਤਰਾਲੇ ਵਿਚ ਇਕ ਬੈਠਕ ਕੀਤੀ।
ਡਾਰ ਨੇ ਕਿਹਾ ਕਿ ਬਿਆਨ ਚਾਹੇ ਪ੍ਰਿੰਟ ਮੀਡੀਆ ਵਿਚ ਦਿੱਤੇ ਗਏ ਹੋਣ ਜਾਂ ਸੋਸ਼ਲ ਮੀਡੀਆ ’ਤੇ, ਅਣਪਛਾਤੇ ਪਾਕਿਸਤਾਨੀ ਅਧਿਕਾਰੀਆਂ ਜਾਂ ਸੂਤਰਾਂ ਦੇ ਬਿਆਨ ਪਾਕਿਸਤਾਨ ਦੇ ਅਧਿਕਾਰਤ ਪੱਖ ਨੂੰ ਨਹੀਂ ਦਰਸਾਉਂਦੇ। ਡਾਰ ਨੇ ਮੀਡੀਆ ਨੂੰ ਅਟਕਲਾਂ ਵਾਲੀ ਰਿਪੋਰਟਿੰਗ ਤੋਂ ਬਚਣ ਅਤੇ ਸਿਰਫ਼ ਅਧਿਕਾਰਤ ਬਿਆਨਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਵੀ ਦਿੱਤੀ।
ਜੰਗਬੰਦੀ ਵਿਚਕਾਰ ਇਰਾਨ ਨੇ ਖੋਲ੍ਹਿਆ ਤਹਿਰਾਨ ਏਅਰਪੋਰਟ
ਇਰਾਨ ਨੇ ਜੰਗਬੰਦੀ ਦੇ ਵਿਚਕਾਰ ਤਹਿਰਾਨ ਦਾ ਮੁੱਖ ਇੰਟਰਨੈਸ਼ਨਲ ਏਅਰਪੋਰਟ ‘ਇਮਾਮ ਖੁਮੈਨੀ’ ਫਿਰ ਤੋਂ ਖੋਲ੍ਹ ਦਿੱਤਾ ਹੈ ਅਤੇ ਉਡਾਣਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਹਨ। ‘ਤਹਿਰਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਇਰਾਨੀ ਏਅਰਲਾਈਨਜ਼ ਦੀਆਂ ਇਹ ਉਡਾਣਾਂ ਸ਼ਨੀਵਾਰ ਨੂੰ ਇਸਤਾਂਬੁਲ ਅਤੇ ਮਸਕਟ ਲਈ ਰਵਾਨਾ ਹੋਈਆਂ।
ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਇਲਾਕੇ ਵਿਚ ਜੰਗਬੰਦੀ ਲਾਗੂ ਹੈ। ਜੰਗ ਕਾਰਨ ਕਈ ਹਫ਼ਤਿਆਂ ਤੋਂ ਏਅਰ ਟ੍ਰੈਫਿਕ ਪ੍ਰਭਾਵਿਤ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਹੌਲੀ-ਹੌਲੀ ਹੋਰ ਵੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ, ਤਾਂ ਜੋ ਹਵਾਈ ਸੇਵਾਵਾਂ ਆਮ ਵਾਂਗ ਹੋ ਸਕਣ।