ਨਸ਼ਾ ਤਸਕਰਾਂ ਦੇ ਨਿਸ਼ਾਨੇ ‘ਤੇ ਹੁਣ ਸਕੂਲ-ਕਾਲਜ, ਵਿਦਿਆਰਥੀਆਂ ਨੂੰ ਬਣਾ ਰਹੇ ਮੋਹਰਾ : ਸੁਪਰੀਮ ਕੋਰਟ

ਨਵੀਂ ਦਿੱਲੀ : ਦੇਸ਼ ਵਿਚ ਵਧ ਰਹੇ ਨਸ਼ਿਆਂ ਦੇ ਜਾਲ ‘ਤੇ ਚਿੰਤਾ ਪ੍ਰਗਟ ਕਰਦਿਆਂ ਸੁਪਰੀਮ ਕਰੋਟ ਨੇ ਇਕ ਅਹਿਮ ਸੁਣਵਾਈ ਦੌਰਾਨ ਸਖ਼ਤ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਹੁਣ ਸਕੂਲ ਅਤੇ ਕਾਲਜ ਸਿੱਧੇ ਤੌਰ ‘ਤੇ ਡਰੱਗ ਤਸਕਰਾਂ ਦੇ ਨਿਸ਼ਾਨੇ ‘ਤੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਤਸਕਰ ਵਿਦਿਆਰਥੀਆਂ ਨੂੰ ਸਿਰਫ਼ ਨਸ਼ੇ ਦੇ ਆਦਿ ਹੀ ਨਹੀਂ ਬਣਾ ਰਹੇ ਸਗੋਂ ਉਨ੍ਹਾਂ ਦੀ ਵਰਤੋਂ ਅੱਗੇ ਨਸ਼ਾ ਵੇਚਣ ਲਈ ਕਰੀਅਰ ਵਜੋਂ ਵੀ ਕਰ ਰਹੇ ਹਨ।
ਜਾਣੋ ਪੂਰਾ ਮਾਮਲਾ
ਇਹ ਮਾਮਲਾ ਕਾਨੂੰਨ ਦੀ ਇਕ 21 ਸਾਲਾ ਵਿਦਿਆਰਥਣ ਨਾਲ ਜੁੜਿਆ ਹੋਇਆ ਹੈ, ਜਿਸ ਕੋਲੋ 20 ਗ੍ਰਾਮ ਗਾਂਜਾ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਵਿਜੇ ਬਿਸ਼ਨੋਈ ਦੇ ਬੈਂਚ ਨੇ ਵਿਦਿਆਰਥਣ ਦੇ ਕਰੀਅਰ ਨੂੰ ਮੁੱਖ ਰੱਖਦੇ ਹੋਏ ਉਸ ਵਿਰੁੱਧ ਫਿਲਹਾਲ ਕਿਸੇ ਵੀ ਸਖ਼ਤ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਵਿਦਿਆਰਥੀ ਦੇ ਕਰੀਅਰ ਨੂੰ ਧਿਆਨ ਵਿੱਚ ਰੱਖਦੇ ਅੰਤਰਿਮ ਰਾਹਤ ਦਿੱਤੀ ਹੈ ਪਰ ਮਾਮਲੇ ਦੀ ਗੰਭੀਰਤਾ ‘ਤੇ ਜ਼ੋਰ ਦਿੱਤਾ ਹੈ। ਅਦਾਲਤ ਨੇ ਚਿਤਾਵਨੀ ਦਿੱਤੀ ਕਿ ਤਸਕਰਾਂ ਨੇ ਵਿਦਿਅਕ ਸੰਸਥਾਵਾਂ ਵਿਚ ਆਪਣਾ ਜਾਲ ਵਿਛਾ ਲਿਆ ਹੈ। ਪੁਲਸ ਹੁਣ ਸਕੂਲਾਂ ਅਤੇ ਕਾਲਜਾਂ ਦੇ ਆਲੇ-ਦੁਆਲੇ ਨਿਗਰਾਨੀ ਅਤੇ ਕਾਰਵਾਈ ‘ਤੇ ਵੇਧੇਰੇ ਧਿਆਨ ਕੇਂਦਰਿਤ ਕਰੇਗੀ।