ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਇਕ ਪਿੰਡ ਦੀਆਂ ਝਾੜੀਆਂ ’ਚੋਂ ਬੁੱਧਵਾਰ ਇਕ ਸ਼ੱਕੀ ਗੁਬਾਰਾ ਮਿਲਿਆ। ਗੁਬਾਰੇ ’ਤੇ ਅੰਗਰੇਜ਼ੀ ’ਚ ‘ਪੀ. ਆਈ. ਏ.’ ਲਿਖਿਆ ਹੋਇਆ ਸੀ ਤੇ ਨਾਲ ਹੀ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਦੀ ਤਸਵੀਰ ਵੀ ਸੀ। ਰਿਪੋਰਟਾਂ ਅਨੁਸਾਰ ਨਾਗਲੀ ਗ੍ਰਾਮ ਪੰਚਾਇਤ ਦੇ ਸਾਬਕਾ ਮੁਖੀ ਨੇ ਸਭ ਤੋਂ ਪਹਿਲਾਂ ਇਹ ਗੁਬਾਰਾ ਵੇਖਿਆ ਤੇ ਇਸ ਦੀ ਸੂਚਨਾ ਖੈਰੀ ਪੁਲਸ ਸਟੇਸ਼ਨ ਨੂੰ ਦਿੱਤੀ। ਇਸ ਤੋਂ ਬਾਅਦ ਡਲਹੌਜ਼ੀ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ ਮਯੰਕ ਸ਼ਰਮਾ ਦੀ ਅਗਵਾਈ ਹੇਠ ਇਕ ਪੁਲਸ ਟੀਮ ਮੌਕੇ ’ਤੇ ਪਹੁੰਚੀ ਤੇ ਜਾਂਚ ਕੀਤੀ।
ਪੁਲਸ ਨੇ ਗੁਬਾਰੇ ਨੂੰ ਜ਼ਬਤ ਕਰ ਲਿਆ । ਮੁੱਢਲੀ ਜਾਣਕਾਰੀ ਅਨੁਸਾਰ ਇਹ ਚਿੱਟੇ ਤੇ ਨੀਲੇ ਰੰਗ ਦਾ ਗੁਬਾਰਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਸੇ ਖੇਤਰ ’ਚ ਇਕ ਅਜਿਹਾ ਹੀ ਗੁਬਾਰਾ ਮਿਲਿਆ ਸੀ। ਇਲਾਕੇ ’ਚ ਸਮੇਂ-ਸਮੇਂ ’ਤੇ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ’ਚ ਉਤਸੁਕਤਾ ਤੇ ਚਿੰਤਾ ਦੋਵਾਂ ਨੂੰ ਪੈਦਾ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਗੁਬਾਰੇ ਦੇ ਸੋਮੇ ਤੇ ਇਸ ਦੇ ਇੱਥੇ ਪਹੁੰਚਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।















