ਗਜਪਤ ਗਰੇਵਾਲ ਵਿਜੀਲੈਂਸ ਦੇ ਮੁੱਖ ਦਫ਼ਤਰ ‘ਚ ਤੀਜੀ ਵਾਰ ਪੇਸ਼, ਕਈ ਘੰਟੇ ਹੋਈ ਪੁੱਛਗਿੱਛ

ਮੋਹਾਲੀ : ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਦਰਜ ਮਾਮਲੇ ‘ਚ ਨਾਮਜ਼ਦ ਮਜੀਠੀਆ ਦੇ ਸਾਲੇ ਗਜਪਤ ਸਿੰਘ ਗਰੇਵਾਲ ਅਦਾਲਤ ਦੇ ਹੁਕਮਾਂ ਤੇ ਵਿਜੀਲੈਂਸ ਦੇ ਮੁੱਖ ਦਫ਼ਤਰ ਸੈਕਟਰ-68 ਮੋਹਾਲੀ ਵਿਖੇ ਤੀਜੀ ਜਾਂਚ ‘ਚ ਸ਼ਾਮਲ ਹੋਣ ਲਈ ਸਵੇਰੇ ਕਰੀਬ 11 ਵਜੇ ਪਹੁੰਚੇ। ਵਿਜੀਲੈਂਸ ਵਲੋਂ ਗਜਪਤ ਸਿੰਘ ਗਰੇਵਾਲ ਕੋਲੋਂ ਸ਼ਾਮ ਤੱਕ ਪੁੱਛਗਿੱਛ ਕੀਤੀ ਗਈ। ਇਸ ਤੋਂ ਪਹਿਲਾਂ ਵਿਜੀਲੈਂਸ ਵਲੋਂ ਗਜਪਤ ਗਰੇਵਾਲ ਕੋਲੋਂ 15 ਅਪ੍ਰੈਲ ਅਤੇ 20 ਅਪ੍ਰੈਲ ਨੂੰ ਪੁੱਛਗਿੱਛ ਕੀਤੀ ਗਈ ਸੀ। ਗਜਪਤ ਸਿੰਘ ਗਰੇਵਾਲ ਨੂੰ 10 ਅਪ੍ਰੈਲ ਨੂੰ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਲੋਂ ਅੰਤਰਿਮ ਜ਼ਮਾਨਤ ਦਿੰਦਿਆ 15 ਅਪ੍ਰੈਲ ਨੂੰ ਵਿਜੀਲੈਂਸ ਦੇ ਸੈਕਟਰ-68 ਮੋਹਾਲੀ ਵਿਚਲੇ ਮੁੱਖ ਦਫ਼ਤਰ ‘ਚ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ।
ਅਦਾਲਤ ਵਲੋਂ ਦਿੱਤੇ ਹੁਕਮਾਂ ਮੁਤਾਬਕ ਸਰਕਾਰ ਵਲੋਂ ਇਸ ਮਾਮਲੇ ‘ਚ ਜਵਾਬ ਦੇਣ ਦੇ ਨਾਲ-ਨਾਲ ਜਾਂਚ ਅਧਿਕਾਰੀ ਦੀ ਰਿਪੋਰਟ ਲਈ 29 ਅਪ੍ਰੈਲ 2026 ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ। ਅਦਾਲਤ ਨੇ ਕਿਹਾ ਕਿ ਦੋਵੇਂ ਧਿਰਾਂ ਆਪਣੇ ਬਿਆਨਾਂ ਨਾਲ ਬੰਨ੍ਹੀਆਂ ਰਹਿਣਗੀਆਂ ਅਤੇ ਮੁਲਜ਼ਮ ਗਜਪਤ ਸਿੰਘ ਨੂੰ ਵੀ ਬੀ. ਐੱਨ. ਐੱਸ ਦੀ ਧਾਰਾ 482 (2) ਦੇ ਉਪਬੰਧਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਵਿਜੀਲੈਂਸ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਜਪਤ ਸਿੰਘ ਗਰੇਵਾਲ ਨੂੰ ਨਾਮਜ਼ਦ ਕਰ ਲਿਆ ਗਿਆ ਸੀ ਅਤੇ ਵਿਜੀਲੈਂਸ ਵਲੋਂ ਸਪੈਸ਼ਲ ਜੱਜ ਦੀ ਅਦਾਲਤ ‘ਚੋਂ ਗਜਪਤ ਸਿੰਘ ਗਰੇਵਾਲ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ। ਉਕਤ ਹੁਕਮ ਜਾਂਚ ਅਧਿਕਾਰੀ ਡੀ. ਐੱਸ. ਪੀ ਇੰਦਰਪਾਲ ਸਿੰਘ ਵਲੋਂ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13(1) ਅਤੇ 13(2) ਦੇ ਤਹਿਤ ਆਈ.ਪੀ.ਸੀ ਦੀ ਧਾਰਾ 120-ਬੀ ਦੇ ਨਾਲ ਪੜ੍ਹੀ ਜਾਂਦੀ ਐਫ.ਆਈ.ਆਰ ਵਿਚ ਕਾਰਵਾਈ ਦੀ ਮੰਗ ਕਰਨ ਵਾਲੀ ਅਰਜ਼ੀ ਦਾਇਰ ਕਰਨ ਤੋਂ ਬਾਅਦ ਆਏ ਸਨ।
ਵਿਜੀਲੈਂਸ ਵਲੋਂ ਦਾਇਰ ਅਰਜ਼ੀ ‘ਚ ਕਿਹਾ ਗਿਆ ਸੀ ਕਿ ਗਜਪਤ ਸਿੰਘ ਗਰੇਵਾਲ ਤਿੰਨ ਵੱਖ-ਵੱਖ ਪਤਿਆਂ ‘ਤੇ ਰਹਿੰਦਾ ਹੈ, ਜਿਸ ‘ਚ ਪਿੰਡ ਖੇੜੀ, ਜ਼ਿਲ੍ਹਾ ਸੰਗਰੂਰ, ਏ-15/33, ਗਰਾਂਊਡ ਫਲੋਰ, ਬਸੰਤ ਵਿਹਾਰ-1 ਦਿੱਲੀ ਅਤੇ ਡਿਫੈਂਸ ਕਾਲੋਨੀ ਦੱਖਣੀ ਦਿੱਲੀ ਦੇ ਪਤੇ ਹਨ। ਗਜਪਤ ਸਿੰਘ ਗਰੇਵਾਲ ‘ਤੇ ਮੁੱਖ ਮੁਲਜ਼ਮ ਬਿਕਰਮ ਮਜੀਠੀਆ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਪ੍ਰਾਪਤੀ ਅਤੇ ਉਸ ਨੂੰ ਛੁਪਾਉਣ ਨਾਲ ਸਬੰਧਿਤ ਅਪਰਾਧਿਕ ਸਾਜ਼ਿਸ਼ ‘ਚ ਮੁੱਖ ਭੂਮਿਕਾ ਨਿਭਾਉਣ ਦਾ ਦੋਸ਼ ਹੈ। ਇਸ ਮਾਮਲੇ ‘ਚ ਵਿਜੀਲੈਂਸ ਵਲੋਂ ਮਜੀਠੀਆ ਦੇ ਕਰੀਬੀ ਹਰਪ੍ਰੀਤ ਗੁਲਾਟੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।