ਅਹਿਮਦਾਬਾਦ/ਨਵੀਂ ਦਿੱਲੀ – ਗੁਜਰਾਤ ਵਿਚ ਆਗਾਮੀ ਸਥਾਨਕ ਸਰਕਾਰ ਅਦਾਰਿਆਂ ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਵੱਡੀ ਲੀਡ ਦਾ ਦਾਅਵਾ ਕੀਤਾ ਹੈ। ਪਾਰਟੀ ਅਨੁਸਾਰ ਸੂਬੇ ਵਿਚ ਉਸ ਦੇ 700 ਤੋਂ ਵੱਧ ਉਮੀਦਵਾਰ ਨਿਰਵਿਰੋਧ ਚੁਣੇ ਜਾ ਚੁੱਕੇ ਹਨ, ਜੋ ਪਿਛਲੀਆਂ ਚੋਣਾਂ ਦੀ ਤੁਲਨਾ ਵਿਚ ਕਿਤੇ ਜ਼ਿਆਦਾ ਹਨ। ਸੂਬਾ ਭਾਜਪਾ ਪ੍ਰਧਾਨ ਜਗਦੀਸ਼ ਵਿਸ਼ਵਕਰਮਾ ਨੇ ਇਸ ਨੂੰ ਬੇਮਿਸਾਲ ਦੱਸਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਨਿਰਵਿਰੋਧ ਜਿੱਤ ਗੁਜਰਾਤ ਦੇ ਚੋਣ ਇਤਿਹਾਸ ’ਚ ਪਹਿਲਾਂ ਕਦੇ ਨਹੀਂ ਦੇਖੀ ਗਈ। ਉਨ੍ਹਾਂ ਨੇ ਇਸ ਨੂੰ ਸੂਬੇ ਦੀ ਜਨਤਾ ’ਚ ਪਾਰਟੀ ਪ੍ਰਤੀ ਮਜ਼ਬੂਤ ਵਿਸ਼ਵਾਸ ਦਾ ਸੰਕੇਤ ਦੱਸਿਆ। ਭਾਜਪਾ ਲਈ ਕਾਗਜ਼ਾਂ ’ਤੇ ਇਹ ਇਕ ਵੱਡੀ ਪ੍ਰਾਪਤੀ ਹੈ। ਸੂਬਾ ਪ੍ਰਧਾਨ ਅਨੁਸਾਰ ਚੁਣੇ ਗਏ ਉਮੀਦਵਾਰ ਪਿਛਲੀ ਚੋਣ ਦੇ ਮੁਕਾਬਲੇ ਲੱਗਭਗ ਤਿੰਨ ਗੁਣਾ ਹਨ। ਆਮ ਤੌਰ ’ਤੇ ਅਜਿਹੇ ਅੰਕੜੇ ਜਥੇਬੰਦਕ ਮਜ਼ਬੂਤੀ ਅਤੇ ਸਿਆਸੀ ਦਬਦਬੇ ਦਾ ਪ੍ਰਤੀਕ ਮੰਨੇ ਜਾਂਦੇ ਹਨ।
ਅੰਕੜੇ ਬਨਾਮ ਧਾਰਨਾ ਦਾ ਟਕਰਾਅ
ਵਿਰੋਧੀ ਪਾਰਟੀਆਂ ਦਾ ਦਾਅਵਾ ਹੈ ਕਿ ਇਹ ਜਿੱਤ ਕੁਦਰਤੀ ਨਹੀਂ ਸਗੋਂ ‘ਮੈਨੇਜਡ ਕੰਸੈਂਸਸ’ (ਪ੍ਰਬੰਧਿਤ ਸਹਿਮਤੀ) ਦਾ ਨਤੀਜਾ ਹੈ। ਇਹੀ ਦੋਹਰੀ ਤਸਵੀਰ ਮੌਜੂਦਾ ਸਿਆਸੀ ਸਥਿਤੀ ਦਾ ਕੇਂਦਰ ਹੈ। ਇਕ ਪਾਸੇ ਜਿੱਥੇ ਭਾਜਪਾ ਆਪਣੀ ਤਾਕਤ ਦਿਖਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਕੁਝ ਨਿਰਪੱਖ ਮਾਹਿਰਾਂ ਦਾ ਮੰਨਣਾ ਹੈ ਕਿ ਪਾਰਟੀ ਦੀ ਜ਼ਮੀਨੀ ਪਕੜ ਪਹਿਲਾਂ ਹੀ ਮਜ਼ਬੂਤ ਹੈ, ਅਜਿਹੇ ਵਿਚ ਇੰਨੀ ਵੱਡੀ ਗਿਣਤੀ ’ਚ ਨਿਰਵਿਰੋਧ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਬੇਲੋੜੀ ਲੱਗਦੀ ਹੈ। ਪਿਛਲੀ ਚੋਣ ਵਿਚ ਜਿੱਥੇ ਤਕਰੀਬਨ 260 ਸੀਟਾਂ ਨਿਰਵਿਰੋਧ ਸਨ, ਉੱਥੇ ਹੀ ਹੁਣ ਇਹ ਗਿਣਤੀ 700 ਤੱਕ ਪਹੁੰਚ ਗਈ ਹੈ। ਇਹ ਸਿਰਫ਼ ਵਾਧਾ ਨਹੀਂ, ਸਗੋਂ ਇਕ ਵੱਡਾ ਉਛਾਲ ਹੈ।
ਨਾਮਜ਼ਦਗੀ ਵਾਪਸ ਲੈਣ ਦੇ ਦਿਨ ਵਧੀ ਹਲਚਲ
ਰਿਪੋਰਟਾਂ ਮੁਤਾਬਕ ਨਾਮਜ਼ਦਗੀ ਵਾਪਸ ਲੈਣ ਦੇ ਆਖਰੀ ਦਿਨ ਸੂਬੇ ਦੇ ਕਈ ਹਿੱਸਿਆਂ, ਖਾਸ ਕਰਕੇ ਅਹਿਮਦਾਬਾਦ ਸਮੇਤ ਹੋਰ ਸ਼ਹਿਰਾਂ ਵਿਚ ਤੇਜ਼ ਸਿਆਸੀ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਰਿਪੋਰਟਾਂ ਅਨੁਸਾਰ ਕਈ ਵਿਰੋਧੀ ਉਮੀਦਵਾਰਾਂ ਨੇ ਅਚਾਨਕ ਆਪਣੇ ਨਾਂ ਵਾਪਸ ਲੈ ਲਏ, ਜਿਸ ਕਾਰਨ ਵੱਡੀ ਗਿਣਤੀ ਵਿਚ ਸੀਟਾਂ ਨਿਰਵਿਰੋਧ ਹੋ ਗਈਆਂ।
ਵਿਰੋਧੀ ਧਿਰ ਦਾ ਦੋਸ਼, ਭਾਜਪਾ ਦਾ ਜਵਾਬ
ਦੂਜੇ ਪਾਸੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਦੋਸ਼ ਲਾਇਆ ਕਿ ਉਸ ਦੇ ਉਮੀਦਵਾਰਾਂ ਨੂੰ ਰੋਕਣ ਅਤੇ ਨਾਂ ਵਾਪਸ ਲੈਣ ਲਈ ਕਈ ਤਰੀਕੇ ਅਪਣਾਏ ਗਏ। ਕੁਝ ਮਾਮਲਿਆਂ ਵਿਚ ਉਮੀਦਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਣ ਤੱਕ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਹ ਜਿੱਤ ਕੁਦਰਤੀ ਨਹੀਂ ਸਗੋਂ ਦਬਾਅ ਅਤੇ ਪ੍ਰਬੰਧਨ ਦਾ ਨਤੀਜਾ ਹੈ। ਉਸ ਦਾ ਦਾਅਵਾ ਹੈ ਕਿ ਕਈ ਉਮੀਦਵਾਰਾਂ ਨੇ ਪੁਲਸ ਸੁਰੱਖਿਆ ਵਿਚ ਆ ਕੇ ਨਾਮਜ਼ਦਗੀ ਵਾਪਸ ਲਈ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਨਤੀਜਾ ਪਾਰਟੀ ਦੀ ਜਥੇਬੰਦਕ ਤਾਕਤ ਅਤੇ ਜਨ ਸਮਰਥਨ ਨੂੰ ਦਰਸਾਉਂਦਾ ਹੈ।
ਪੁਰਾਣੀਆਂ ਉਦਾਹਰਣਾਂ ਦੀ ਯਾਦ
ਗੁਜਰਾਤ ਵਿਚ 2017 ਦੀਆਂ ਰਾਜ ਸਭਾ ਚੋਣਾਂ ਦੀ ਉਦਾਹਰਣ ਅੱਜ ਵੀ ਚਰਚਾ ਵਿਚ ਹੈ, ਜਦੋਂ ਭਾਜਪਾ ਦੀ ਜਿੱਤ ਲਈ ਭਾਰੀ ਸਿਆਸੀ ਜੋੜ-ਤੋੜ ਦੇਖਣ ਨੂੰ ਮਿਲਿਆ ਸੀ। ਉਸ ਸਮੇਂ ਵੀ ਅਸਾਧਾਰਨ ਤਰੀਕਿਆਂ ਦੀ ਚਰਚਾ ਨੇ ਪਾਰਟੀ ਦੇ ਅਕਸ ’ਤੇ ਅਸਰ ਪਾਇਆ ਸੀ, ਭਾਵੇਂ ਚੋਣ ਮਸ਼ੀਨਰੀ ਮਜ਼ਬੂਤ ਰਹੀ ਹੋਵੇ। ਇਕ ਅਜਿਹੀ ਪਾਰਟੀ ਜੋ ਗਲੀ ਤੋਂ ਦਿੱਲੀ ਤੱਕ ਰਾਜ ਕਰਦੀ ਹੈ, ਉਸ ਲਈ ਸਿਰਫ਼ ਤਾਕਤ ਦਿਖਾਉਣਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਸੰਤੁਲਨ ਅਤੇ ਨਿਰਪੱਖਤਾ ਵਾਲਾ ਅਕਸ ਬਣਾਈ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਜਪਾ ਦੀ ਇਹ ਪ੍ਰਾਪਤੀ ਅੰਕੜਿਆਂ ਵਿਚ ਪ੍ਰਭਾਵਸ਼ਾਲੀ ਜ਼ਰੂਰ ਹੈ ਪਰ ਸਿਆਸੀ ਤੌਰ ’ਤੇ ਰਲਿਆ-ਮਿਲਿਆ ਸੰਦੇਸ਼ ਦਿੰਦੀ ਹੈ।













