ਦੁਬਈ: ਇੰਗਲੈਂਡ ਵਿਰੁੱਧ ਦੂਜੇ ਕਿ?ਕਟ ਟੈਸਟ ਮੈਚ ਵਿੱਚ ਮੈਨ ਆਫ਼ ਦੀ ਮੈਚ ਰਹੇ ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਚੌਥੇ ਸਥਾਨ ਉੱਤੇ ਪੁੱਜ ਗਿਆ ਹੈ। ਕੋਹਲੀ ਟਵੰਟੀ-20 ਦਰਜਾਬੰਦੀ ਵਿੱਚ ਸਿਖ਼ਰਲੇ ਸਥਾਨ ਉੱਤੇ ਹੈ ਅਤੇ ਇੱਕ ਰੋਜ਼ਾ ਵਿੱਚ ਵੀ ਉਹ ਚੋਟੀ ਉੱਤੇ ਰਿਹਾ ਹੈ ਪਰ ਟੈਸਟ ਦਰਜਾਬੰਦੀ ਵਿੱਚ ਉਹ ਕਦੇ ਵੀ 10ਵੇਂ ਸਥਾਨ ਤੋਂ ਅੱਗੇ ਨਹੀ ਜਾ ਸਕਿਆ ਸੀ।
ਵਿਸ਼ਾਖਾਪਟਨਮ ਟੈਸਟ ਵਿੱਚ ਉਸਨੇ 167 ਅਤੇ 81 ਦੌੜਾਂ ਬਣਾਈਆਂ ਸਨ ਜਿਸ ਨਾਲ ਪਹਿਲੀ ਵਾਰ 800 ਅੰਕ ਪਾਰ ਕਰਕੇ ਚੌਥੇ ਸਥਾਨ ‘ਤੇ ਪੁੱਜਾ ਹੈ। ਉਹ 800 ਅੱਠ ਸੌ ਅੰਕ ਪਾਰ ਕਰਨ ਵਾਲਾ 11ਵਾਂ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਕੋਹਲੀ ਨੂੰ ਵਿਸ਼ਾਖਾਪਟਨਮ ਟੈਸਟ ਵਿੱਚ 97 ਅੰਕ ਮਿਲੇ। ਉਹ ਦੂਜੇ ਸਥਾਨ ਉੱਤੇ ਕਾਬਜ਼ ਇੰਗਲੈਂਡ ਦੇ ਜੋ ਰੂਟ ਤੋਂ 22 ਅੰਕ ਪਿੱਛੇ ਹੈ। ਮੁਹਾਲੀ ਟੈਸਟ ਵਿੱਚ ਦਮਦਾਰ ਪ੍ਰਦਰਸ਼ਨ ਦੇ ਨਾਲ ਉਹ ਦਰਜਾਬੰਦੀ ਵਿੱਚ ਹੋਰ ਸੁਧਾਰ ਕਰ ਸਕਦਾ ਹੈ। ਮੱਧਕ੍ਰਮ ਦਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇੱਕ ਸਥਾਨ ਅੱਗੇ ਵਧ ਕੇ ਨੌਵੇਂ ਸਥਾਨ ਉੱਤੇ ਪੁੱਜ ਗਿਆ ਹੈ। ਇੰਗਲੈਂਡ ਦਾ ਜਾਨੀ ਬੇਅਰਸਟਾ ਪੰਜ ਸਥਾਨ ਅੱਗੇ ਵਧ ਕੇ 28 ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਆਈਸੀਸੀ ਟੈਸਟ ਗੇਂਦਬਾਜ਼ੀ ਦਰਜਾਬੰਦੀ ਵਿੱਚ ਭਾਰਤ ਦਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਪੰਜ ਕਦਮ ਅੱਗੇ ਵਧ ਕੇ 21 ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਰਵਿੰਦਰ ਜਡੇਜਾ ਛੇਵੇਂ ਸਥਾਨ ਉੱਤੇ ਹੈ। ਇੰਗਲੈਂਡ ਦੇ ਸਟੁਅਰਟ ਬਰਾਡ ਪੰਜਵੇਂ, ਮੋਈਨ ਅਲੀ 23 ਵੇਂ ਸਥਾਨ ਉੱਤੇ ਹੈ। ਨਿਊਜ਼ੀਲੈਂਡ ਦੇ ਬਰਾਡਲੇ ਜਾਨ ਵਾਟਲਿੰਗ ਦੋ ਸਥਾਨ ਅੱਗੇ ਜਾਕੇ 36ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਕਰਾਈਸਟ ਚਰਚ ਵਿੱਚ ਪਾਕਿਸਤਾਨ ਉੱਤੇ ਨਿਊਜ਼ੀਲੈਂਡ ਦੀ ਜਿੱਤ ਦਾ ਬੱਲੇਬਾਜ਼ਾਂ ਨੂੰ ਕੋਈ ਖਾਸ ਫ਼ਾਇਦਾ ਨਹੀ ਹੋਇਆ। ਹੈਨਰੀ ਨਿਕੋਲਸ ਤਿੰਨ ਕਦਮ ਅੱਗੇ ਵਧ ਕੇ 79 ਵੇਂ ਸਥਾਨ ਉੱਤੇ ਹੈ। ਟੈਸਟ ਕ੍ਰਿਕਟ ਵਿੱਚ ਸ਼ੁਰੂਆਤ ਕਰਨ ਵਾਲਾ ਜੀਤ ਰਾਵਲ 60 ਵੇਂ ਸਥਾਨ ਉੱਤੇ ਪੁੱਜ ਗਿਆ ਹੈ। ਗੇਂਦਬਾਜ਼ੀ ਵਿੱਚ ਨਿਊਜ਼ੀਲੈਂਡ ਦੇ ਕੋਲਿਨ ਡਿ ਗਰਾਂਡਹੋਮ 61ਵੇਂ ਸਥਾਨ ਉੱਤੇ ਹੈ।












